
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤੀਆਂ ਦੇ ਬਹਾਨੇ ਵਿਧਾਇਕ ਬਾਜ਼ੀਗਰ ਵੱਲੋਂ ਸ਼ਕਤੀ ਪ੍ਰਦਰਸ਼ਨ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਸ਼ੁਤਰਾਣਾ ਦੇ ਕਸਬਾ ਘੱਗਾ ਵਿਖੇ ਕੀਤੀ ਗਈ ਰੈਲੀ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਬਣੇ ਸਿਆਸੀ ਹਾਲਾਤ ਦਰਮਿਆਨ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਤੀਆਂ ਦੇ ਸਮਾਗਮ ਰਾਹੀਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਗਰਗ ਪੈਲੇਸ ਵਿਖੇ ਕਰਵਾਏ ਗਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਡੀਜੇ ਦੀ ਧੁਨ ’ਤੇ ਔਰਤਾਂ ਨੇ ਨੱਚ-ਟੱਪ ਕੇ ਤੀਆਂ ਦੀਆਂ ਖੁਸ਼ੀਆਂ ਮਨਾਈਆਂ। ਪੰਡਾਲ ਵਿਚ ਵੱਡੀ ਗਿਣਤੀ ਵਿਚ ਮੌਜੂਦ ਔਰਤਾਂ ਨੱਚਦੀਆਂ ਨਜ਼ਰ ਆਈਆਂ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਅਤੇ ਮਹਿਲਾ ਵਿੰਗ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀਆਂ ਮਹਿਲਾ ਆਗੂਆਂ ਤੇ ਵਰਕਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਵਿਚ ਜ਼ੋਨ ਇੰਚਾਰਜ ਵੀਰਪਾਲ ਕੌਰ ਚਹਿਲ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਰਤੀ ਗੁਪਤਾ, ਮੀਤ ਜ਼ਿਲ੍ਹਾ ਪ੍ਰਧਾਨ ਰੇਖਾ ਪਵਾਰ, ਜ਼ਿਲ੍ਹਾ ਸਕੱਤਰ ਦੀਪ ਮਾਲਾ ਦੁੱਗਲ, ਹਲਕਾ ਇੰਚਾਰਜ ਸੁਮਨ ਰਾਣੀ, ਪ੍ਰੀਤੀ ਜੈਨ ਅਤੇ ਰੇਨੂ ਵਧਵਾ ਸਮੇਤ ਹੋਰ ਆਗੂ ਹਾਜ਼ਰ ਸਨ। ਵਿਧਾਇਕ ਬਾਜੀਗਰ ਨੇ ਕਿਹਾ ਕਿ ਉਹ ਹਲਕੇ ਦੇ ਜੰਮਪਲ ਹਨ ਅਤੇ ਇੱਥੋਂ ਦੇ ਲੋਕ ਉਨ੍ਹਾਂ ਦੇ ਆਪਣੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਹਲਕੇ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਮਨਜ਼ੂਰ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਉਹ ਸ਼ਾਨ ਨਾਲ ਲੜਨਗੇ ਅਤੇ ਜਿੱਤ ਹਾਸਲ ਕਰਨਗੇ।