ਮੰਤਰੀ ਅਮਨ ਅਰੋੜਾ ਵੱਲੋਂ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ
ਮੰਤਰੀ ਅਮਨ ਅਰੋੜਾ ਨੇ ਭਗਵਾਨ ਵਿਸ਼ਵਕਰਮਾ ਚੌਕ ਦਾ ਕੀਤਾ ਉਦਘਾਟਨ
Publish Date: Wed, 25 Nov 2026 03:34 PM (IST)
Updated Date: Thu, 26 Nov 2026 04:01 AM (IST)
ਕਿਹਾ- ਕਿਰਤ, ਹੁਨਰ ਅਤੇ ਸਿਰਜਣਾਤਮਕਤਾ ਦਾ ਦੇਵੇਗਾ ਸੁਨੇਹਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਦੇ ਆਈਟੀਆਈ ਚੌਕ ਵਿਖੇ ਸ੍ਰਿਸ਼ਟੀ ਦੇ ਰਚੇਤਾ ਅਤੇ ਕਿਰਤ ਤੇ ਹੁਨਰ ਦੇ ਪ੍ਰਤੀਕ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਨਵੇਂ ਵਿਕਸਤ ਕੀਤੇ ਗਏ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ ਕਰਕੇ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਇਹ ਚੌਕ ਜਿੱਥੇ ਕਿਰਤ, ਹੁਨਰ ਅਤੇ ਸਿਰਜਣਾਤਮਕਤਾ ਦਾ ਸੁਨੇਹਾ ਦੇਵੇਗਾ, ਉੱਥੇ ਹੀ ਇਸ ਦਾ ਆਧੁਨਿਕ ਡਿਜ਼ਾਈਨ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਨਾਲ-ਨਾਲ ਆਵਾਜਾਈ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਦਯੋਗਿਕ ਸਿਖਲਾਈ ਸੰਸਥਾਵਾਂ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਅਤੇ ਕਿੱਤਾਮੁਖੀ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਦੇ ਸਮਰੱਥ ਬਣਾਉਂਦੀਆਂ ਹਨ। ਉਨ੍ਹਾਂ ਆਖਿਆ ਕਿ ਭਗਵਾਨ ਵਿਸ਼ਵਕਰਮਾ ਚੌਂਕ ਬਣਨ ਨਾਲ ਆਵਾਜਾਈ ਸੁਚੱਜੇ ਢੰਗ ਨਾਲ ਚੱਲੇਗੀ, ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਉਦਯੋਗਪਤੀ ਸੁਰਜੀਤ ਸਿੰਘ ਗਹੀਰ, ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ, ਨੀਨਾ ਅਰੋੜਾ, ਹਰਜੀਤ ਸਿੰਘ ਠੇਕੇਦਾਰ ਹਾਜ਼ਰ ਸਨ।