ਮੰਤਰੀ ਅਮਨ ਅਰੋੜਾ ਨੇ ਹੜਤਾਲੀ ਬਿਜਲੀ ਮੁਲਾਜ਼ਮਾਂ ਪ੍ਰਤੀ ਦਿਖਾਇਆ ਸਖ਼ਤ ਰੁਖ਼ ਮੰਤਰੀ ਅਮਨ ਅਰੋੜਾ ਨੇ ਹੜਤਾਲੀ ਬਿਜਲੀ ਮੁਲਾਜ਼ਮਾਂ ਪ੍ਰਤੀ ਦਿਖਾਇਆ ਸਖ਼ਤ ਰੁਖ਼
Publish Date: Sun, 26 Jul 2026 06:07 PM (IST)
Updated Date: Mon, 27 Jul 2026 04:01 AM (IST)
ਕਿਹਾ- ਤਿੰਨ ਕਰੋੜ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਦੇਣ ਧਿਆਨ ਕਰਮਚਾਰੀ ਸਰਕਾਰ ਦੀ ਬਾਂਹ ਮਰੋੜਨ ਤੋਂ ਵੀ ਕਰਨ ਗੁਰੇਜ਼ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਪਾਵਰਕਾਮ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਲੈਕੇ ਸਖ਼ਤ ਰੁਖ਼ ਅਪਣਾਇਆ ਹੈ। ਸੂਬਾ ਪ੍ਰਧਾਨ ਅਮਨ ਅਰੋੜਾ ਨੇ ਹੜਤਾਲੀ ਬਿਜਲੀ ਮੁਲਾਜ਼ਮਾਂ ਨੂੰ ਤਿੰਨ ਕਰੋੜ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਹੜਤਾਲੀ ਬਿਜਲੀ ਕਰਮਚਾਰੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਕਰਮਚਾਰੀ ਸਰਕਾਰ ਤੇ ਦਬਾਅ ਪਾਉਣ ਲਈ ਆਮ ਲੋਕਾਂ ਅਤੇ ਕਿਸਾਨਾਂ ਨੂੰ ਮੋਹਰਿਆਂ ਵਜੋਂ ਵਰਤਕੇ ਖੇਡ ਖੇਡ ਰਹੇ ਹਨ ਅਜਿਹੀ ਚਾਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਦਾ ਸਿਖਰਲਾ ਸੀਜ਼ਨ ਹੈ, ਅਜਿਹੇ ਸਮੇਂ ਬਿਜਲੀ ਬੰਦ ਹੋਣ ਨਾਲ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ 18,500 ਕਰਮਚਾਰੀਆਂ ਦੀ ਜਿੱਦ ਕਾਰਨ ਅੱਜ ਪੰਜਾਬ ਦੀ 3 ਕਰੋੜ ਦੀ ਪੂਰੀ ਆਬਾਦੀ ਹਨੇਰੇ ਅਤੇ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ ਲਈ ਜਨਤਾ ਨੂੰ ਢਾਲ ਵਜੋਂ ਵਰਤਣ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਸੁੱਕਣ ਦੇਣ ਦਾ ਤਰੀਕਾ ਪੂਰੀ ਤਰ੍ਹਾਂ ਨਾਜਾਇਜ਼ ਹੈ। ਉਨ੍ਹਾਂ ਕਿਹਾ ਕਿ ਸਿਰਫ਼ 20-25 ਦਿਨ ਪਹਿਲਾਂ ਕਰਮਚਾਰੀਆਂ ਦੀ ਆਪਣੀ ਬੇਨਤੀ ਤੇ ਵਿੱਤ, ਬਿਜਲੀ ਅਤੇ ਪ੍ਰਸੋਨਲ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਨ੍ਹਾਂ ਦੇ ਚਾਰ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਵਾਲੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਸੀ। ਜਦੋਂ ਕਮੇਟੀ ਦੇ ਅੰਦਰ ਗੱਲਬਾਤ ਪ੍ਰਕਿਰਿਆ ਅਜੇ ਵੀ ਜਾਰੀ ਹੈ, ਤਾਂ ਅਚਾਨਕ ਹੜਤਾਲ ਕਰਨ ਅਤੇ ਪੰਜਾਬ ਨੂੰ ਬਲੈਕਮੇਲ ਕਰਨ ਪਿੱਛੇ ਕੀ ਤਰਕ ਹੈ? ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਹਮੇਸ਼ਾ ਗੱਲਬਾਤ ਲਈ ਤਿਆਰ ਹਨ। ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਜਾਣਗੀਆਂ। ਹਾਲਾਂਕਿ, ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਕਿਸੇ ਵੀ ਹਾਲਤ ਵਿੱਚ ਦਬਾਅ ਦੀਆਂ ਚਾਲਾਂ ਜਾਂ ਤਾਨਾਸ਼ਾਹੀ ਰਵੱਈਏ ਨੂੰ ਬਰਦਾਸ਼ਤ ਨਹੀਂ ਕਰੇਗੀ। ਕਰਮਚਾਰੀਆਂ ਨੂੰ ਤੁਰੰਤ ਹੜਤਾਲ ਵਾਪਸ ਲੈਣੀ ਚਾਹੀਦੀ ਹੈ । ਸੂਬੇ ਵਿੱਚ ਬਿਜਲੀ ਸਪਲਾਈ ਬਹਾਲ ਕਰਨੀ ਚਾਹੀਦੀ ਹੈ।