ਮਿੱਡ-ਡੇ-ਮੀਲ ਵਰਕਰਾਂ ਨੇ ਧੂਰੀ ਰੈਲੀ ’ਚ ਸਾਮਲ ਹੋਣ ਦਾ ਕੀਤਾ ਐਲਾਨ
ਮਿੱਡ-ਡੇ-ਮੀਲ ਵਰਕਰਾਂ ਨੇ ਧੂਰੀ ਰੈਲੀ 'ਚ ਸਾਮਲ ਹੋਣ ਦਾ ਐਲਾਨ ਕੀਤਾ
Publish Date: Wed, 28 Oct 2026 04:27 PM (IST)
Updated Date: Wed, 28 Oct 2026 04:28 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਮਿੱਡ ਡੇ ਮੀਲ ਵਰਕਰ ਯੂਨੀਅਨ (ਸੀਟੂ) ਵਲੋਂ ਮੰਗਲਵਾਰ ਨੂੰ ਆਪਣੇ ਵਰਕਰਾਂ ਨਾਲ ਮੀਟਿੰਗ ਕਰਕੇ ਐਲਾਨ ਕੀਤਾ ਕਿ ਸੀਟੂ ਵੱਲੋ 3 ਨਵੰਬਰ ਨੂੰ ਜੋ ਧੂਰੀ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੋਸ ਰੈਲੀ ਵਿੱਚ ਹਰ ਜਿਲੇ ਦੀਆਂ ਮੀਲ ਵਰਕਰਾਂ ਆਪਣੇ ਕੰਮ ਤੋਂ ਹੜਤਾਲ ਕਰਕੇ ਸ਼ਾਮਲ ਹੋਣਗੀਆਂ । ਇਸ ਸਬੰਧੀ ਜਿਲ੍ਹਾ ਡਿਪਟੀ ਡੀਈਓ ਰੁਪਿੰਦਰ ਕੌਰ ਨੂੰ ਸੂਬਾ ਸਕੱਤਰ ਜਸਮੇਲ ਕੌਰ ਬੀਰ ਕਲਾਂ ਵੱਲੋਂ ਇੱਕ ਨੋਟਿਸ ਵੀ ਦਿੱਤਾ ਗਿਆ। ਜਸਮੇਲ ਕੌਰ ਨੇ ਦੱਸਿਆ ਕਿ ਮਿੱਡ ਡੇ ਮੀਲ ਵਰਕਰਾਂ ਵਿੱਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਹੈ, ਕਿਉਕਿ ਸੂਬਾ ਸਰਕਾਰ ਨੇ ਜੋ ਵਾਅਦੇ ਚੋਣਾ ਤੋਂ ਪਹਿਲਾਂ ਜਾਂ ਸਰਕਾਰ ਬਣਨ ਤੋਂ ਬਾਅਦ ਕੀਤੀਆਂ ਮੀਟਿੰਗਾਂ ਵਿੱਚ ਕੀਤੇ ਸਨ ,ਉਨ੍ਹਾਂ ਵਿੱਚੋ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸਿਰਫ ਲਾਰੇ ਲਾ ਕੇ ਡੰਗ ਟਪਾ ਰਹੀ ਹੈ । ਹਰ ਵਰਗ ਦੇ ਲੋਕ ਇਸ ਸਰਕਾਰ ਤੋਂ ਤੰਗ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ 3 ਨਵੰਬਰ ਦੀ ਧੂਰੀ ਰੈਲੀ ਤੋਂ ਬਾਅਦ ਇਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ। ਸੀਟੂ ਦੀਆਂ ਸਮੂਚੀਆਂ ਜਥੇਬੰਦੀਆਂ ਦੇ ਦਸ ਹਜਾਰ ਤੋੰ ਵੱਧ ਕਾਰਕੁੰਨ ਇਸ ਰੈਲੀ ਵਿੱਚ ਹਿੱਸਾ ਲੈ ਰਹੇ ਹਨ । ਇਸ ਮੌਕੇ ਭੱਠਾ ਮਜ਼ਦੂਰ ਆਗੂ ਮੱਖਣ ਜਖੇਪਲ ਵੀ ਮੌਜੂਦ ਸਨ।