- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ 'ਤੇ ਆਪਣੇ ਵਾਅਦੇ ਤੋਂ ਮੁਕਰਨ ਦੇ ਦੋਸ਼

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਨਹਿਰੂ ਪਾਰਕ ਪਟਿਆਲਾ ਵਿਖੇ ਸੂਬਾ ਕਮੇਟੀ ਦੀ ਇਕੱਤਰਤਾ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਆਗੂਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਲਖਬੀਰ ਕੌਰ ਜਗੇੜਾ, ਪਰਮਜੀਤ ਕੌਰ ਨਰਾਇਣਗੜ੍ਹ, ਜਸਵਿੰਦਰ ਕੌਰ ਪਟਿਆਲਾ, ਕੁਲਵੰਤ ਕੌਰ ਬਠਿੰਡਾ, ਜੰਗ ਬਹਾਦਰ ਕੌਰ ਮੁਹਾਲੀ, ਸਿਮਰਨਜੀਤ ਕੌਰ ਅਜਨੌਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਤ ਕਮੇਟੀ ਦੇ ਇੰਚਾਰਜ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਕੁੱਕ ਬੀਬੀਆਂ ਦੀਆਂ ਮੰਗਾਂ ਨੂੰ ਲੈ ਕੇ ਕਈ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਨਤੀਜਾ ਕੋਈ ਨਹੀਂ ਨਿਕਲਿਆ। ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਮੁੱਕਰ ਰਹੀ ਹੈ। ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਕਿਸੇ ਵੀ ਮੰਗ ਨੂੰ ਹੱਲ ਕਰਨ ਦਾ ਪੱਕਾ ਭਰੋਸਾ ਨਹੀਂ ਦਿੱਤਾ ਸਗੋਂ ਟਾਲ ਮਟੋਲ ਕੀਤਾ। ਆਗੂਆਂ ਨੇ ਕਿਹਾ ਕਿ ਸਭ ਤੋਂ ਜਿਆਦਾ ਗਰੀਬੀ ਹੰਢਾਅ ਰਹੀਆਂ ਤੇ ਸਭ ਤੋਂ ਘੱਟ ਤਨਖਾਹਾਂ ਤੇ ਕੰਮ ਕਰ ਰਹੀਆਂ ਮਿਡ ਡੇ ਮੀਲ ਕੁੱਕ ਬੀਬੀਆਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੀ ਗੰਭੀਰਤਾ ਨਜ਼ਰ ਨਹੀਂ ਆ ਰਹੀ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਕੁੱਕ ਬੀਬੀਆਂ ਨੂੰ ਸਿਰਫ 3000 ਮਹੀਨਾ ਤਨਖਾਹ ਮਿਲਦੀ ਹੈ। ਇਸ ਲਈ ਇਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲੈ ਕੇ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿਚ ਮਿਡ ਡੇ ਮੀਲ ਲਈ ਤਾਮਿਲਨਾਡੂ ਮਾਡਲ ਲਾਗੂ ਕਰਨਾ ਚਾਹੁੰਦਾ ਸੀ। ਤਾਮਿਲਨਾਡੂ ਸਰਕਾਰ ਮਿਡ ਡੇ ਮੀਲ ਕੁੱਕ ਨੂੰ 12000 ਰੁਪਏ ਮਹੀਨੇ ਦਿੰਦੀ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਜੋ ਮਿਡ ਡੇ ਮੀਲ ਕੁੱਕ ਬਜ਼ੁਰਗ ਹੋ ਗਈਆਂ ਹਨ। ਉਨ੍ਹਾਂ ਨੂੰ ਸਕੂਲ ’ਚੋਂ ਹਟਾਉਣ ਸਮੇਂ ਘੱਟੋ ਘੱਟ ਪੰਜ ਲੱਖ ਰੁਪਏ ਦੀ ਗ੍ਰੈਚਟੀ ਦਿੱਤੀ ਜਾਵੇ, ਜੋ ਮਿਡ ਡੇ ਮੀਲ ਕੁੱਕ ਬੀਏ ਪਾਸ ਹਨ , ਉਹਨਾਂ ਨੂੰ ਦਫਤਰਾਂ ਵਿੱਚ ਮਿਡ ਡੇ ਮੀਲ ਦੇ ਲਈ ਡਾਟਾ ਐਂਟਰੀ ਵਜੋਂ ਤਰੱਕੀ ਦਿੱਤੀ ਜਾਵੇ। ਇਸ ਮੌਕੇ ਇਕੱਠੇ ਹੋਏ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਫੈਸਲਾ ਕੀਤਾ ਕਿ ਪਹਿਲੇ ਪੜਾਅ ਤਹਿਤ ਐਮਐਲਏ ਨੂੰ ਮੰਗ ਪੱਤਰ ਦਿੱਤੇ ਜਾਣਗੇ ਉਸ ਤੋਂ ਬਾਅਦ ਮੰਤਰੀਆਂ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਪਰਵਿੰਦਰ ਕਲਿਆਣ, ਕੁਲਬੀਰ ਕੌਰ ਫਤਿਹਗੜ੍ਹ ਸਾਹਿਬ ,ਕਮਲੇਸ ਮਲੇਰਕੋਟਲਾ, ਰਾਣੀ ਕੰਗਣਵਾਲ, ਜਸਵੀਰ ਕੌਰ ਕਲਿਹਾਣਾ, ਮਨਜੀਤ ਕੌਰ ਖੰਨਾ, ਗੁਰਵਿੰਦਰ ਕੌਰ ਡੇਰਾਬਸੀ, ਭਿੰਦਰ ਕੌਰ ਜਗੇੜਾ, ਮਨਪ੍ਰੀਤ ਕੌਰ ਡੇਰਾਬਸੀ ਆਦਿ ਨੇ ਵੀ ਸੰਬੋਧਨ ਕੀਤਾ।