- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਭਾ ਵਿੱਚ ਮਗਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਡੈਮੋਕ੍ਰੇਟਿਕ ਮਗਨਰੇਗਾ ਫਰੰਟ ਦੀ ਅਗਵਾਈ ਹੇਠ ਨਾਭਾ ਵਿਖੇ ਮਗਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ ਕਰਵਾਈ ਗਈ। ਇਸ ਵਿਚ ਬੁਲਾਰਿਆਂ ਨੇ ਪੰਜਾਬ ਵਿਚ ਮਗਨਰੇਗਾ ਕਾਨੂੰਨ ਬਹਾਲ ਕਰਨ ਤੇ ਵੀਬੀ-ਜੀ ਰਾਮ-ਜੀ ਕਾਨੂੰਨ ਨੂੰ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਜ਼ਦੂਰਾਂ ਦੇ ਰੁਜ਼ਗਾਰ ਤੇ ਰੋਜ਼ੀ-ਰੋਟੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮਗਨਰੇਗਾ ਦੀ ਤਰਜ਼ ’ਤੇ ਆਪਣਾ ਸੂਬਾਈ ਕਾਨੂੰਨ ਬਣਾ ਸਕਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਮਜ਼ਦੂਰਾਂ ਲਈ ਰੁਜ਼ਗਾਰ ਦੀ ਗਾਰੰਟੀ ਯਕੀਨੀ ਬਣਾਉਣ ਵਾਸਤੇ 12 ਹਜ਼ਾਰ ਕਰੋੜ ਰੁਪਏ ਦਾ ਫੰਡ ਰਾਖਵਾਂ ਰੱਖਣ ਬਾਰੇ ਵਿਚਾਰ ਕੀਤਾ ਜਾਵੇ। ਉਨ੍ਹਾਂ ਪੰਜਾਬ ਵਿਚ ਮਗਨਰੇਗਾ ਅਧੀਨ ਬਣੇ 20 ਲੱਖ 96 ਹਜ਼ਾਰ ਜੌਬ ਕਾਰਡਾਂ ਦਾ ਹਵਾਲਾ ਦਿੰਦਿਆਂ ਇਸ ਯੋਜਨਾ ਦੀ ਮਹੱਤਤਾ ਦੱਸੀ। ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਮਨੁੱਖ ਨੂੰ ਬਿਹਤਰ ਜੀਵਨ ਅਤੇ ਖੁਰਾਕ ਲਈ ਢੁੱਕਵੀਂ ਉਜਰਤ ਵਾਲੇ ਰੁਜ਼ਗਾਰ ਦੀ ਲੋੜ ਹੈ। ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਨੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਕੁਲਵਿੰਦਰ ਕੌਰ, ਮਨਪ੍ਰੀਤ ਕੌਰ ਅਤੇ ਹੋਰ ਬੁਲਾਰਿਆਂ ਨੇ ਮਹਿਲਾਵਾਂ ਦੇ ਰੁਜ਼ਗਾਰ, ਆਰਥਿਕ ਸਸ਼ਕਤੀਕਰਨ ਅਤੇ ਸਮਾਜਿਕ ਸੁਰੱਖਿਆ ’ਤੇ ਜ਼ੋਰ ਦਿੱਤਾ। ਕਨਵੈਨਸ਼ਨ ਵਿੱਚ ਮਗਨਰੇਗਾ ਦੀ ਬਹਾਲੀ ਲਈ ਜਥੇਬੰਦਕ ਸੰਘਰਸ਼ ਤੇਜ਼ ਕਰਨ ਦਾ ਅਹਿਦ ਵੀ ਲਿਆ ਗਿਆ।