ਮੀਟਰ ਰੀਡਰ ਅੱਜ ਕਰਨਗੇ ਰੋਸ ਪ੍ਰਦਰਸ਼ਨ ਮੀਟਰ ਰੀਡਰ ਅੱਜ ਕਰਨਗੇ ਰੋਸ ਪ੍ਰਦਰਸ਼ਨ
Publish Date: Wed, 04 Nov 2026 03:47 PM (IST)
Updated Date: Thu, 05 Nov 2026 04:02 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ 5 ਨਵੰਬਰ ਦੇ ਦਿੜ੍ਹਬਾ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣਗੇ। ਪਾਵਰਕਾਮ ਮੀਟਰ ਰੀਡਰ ਯੂਨੀਅਨ ਅਜ਼ਾਦ, ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋ ਨੇ ਐਲਾਨ ਕੀਤਾ ਕਿ ਯੂਨੀਅਨ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ਤੇ 5 ਨਵੰਬਰ ਨੂੰ ਦਿੜ੍ਹਬਾ ਵਿਖੇ ਹੋਣ ਵਾਲੇ ਵਿਸ਼ਾਲ ਧਰਨੇ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਵਰਕਾਮ ਮੀਟਰ ਰੀਡਰ ਯੂਨੀਅਨ ਅਜ਼ਾਦ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦਿੜ੍ਹਬਾ ਵਿਖੇ ਪੰਜਾਬ ਦੇ ਵਿੱਤ ਮੰਤਰੀ ਦੇ ਦਫ਼ਤਰ ਸਾਹਮਣੇ ਪੱਕਾ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਰਾਹੀਂ ਮੀਟਰ ਰੀਡਰਾਂ ਅਤੇ ਸਪਾਟ ਬਿਲਿੰਗ ਕਾਮਿਆਂ ਨੂੰ ਵਿਭਾਗ ਦੇ ਅਧੀਨ ਲਿਆਉਣ, ਆਊਟਸੋਰਸ ਨੀਤੀ-2026 ਲਾਗੂ ਕਰਨ ਅਤੇ ਰੁਜ਼ਗਾਰ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਹਜ਼ਾਰਾਂ ਮੁਲਾਜ਼ਮ ਆਊਟਸੋਰਸ, ਇਨਲਿਸਟਮੈਂਟ ਅਤੇ ਠੇਕਾ ਪ੍ਰਣਾਲੀ ਅਧੀਨ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪ੍ਰਾਈਵੇਟ ਕੰਪਨੀਆਂ ਰਾਹੀਂ ਮੁਲਾਜ਼ਮਾਂ ਦੀ ਆਰਥਿਕ ਲੁੱਟ ਅਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵਿੱਚ ਕੰਮ ਕਰ ਰਹੇ ਮੀਟਰ ਰੀਡਰ ਅਤੇ ਸਪਾਟ ਬਿਲਿੰਗ ਕਾਮੇ ਵੀ ਪਿਛਲੇ ਲੰਮੇ ਸਮੇਂ ਤੋਂ ਆਊਟਸੋਰਸ ਕੰਪਨੀਆਂ ਅਧੀਨ ਕੰਮ ਕਰ ਰਹੇ ਹਨ। ਇਨ੍ਹਾਂ ਕਾਮਿਆਂ ਦੀਆਂ ਨੌਕਰੀਆਂ ਦੀ ਕੋਈ ਸੁਰੱਖਿਆ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਬਣਦਾ ਮੁੱਲ ਅਤੇ ਮਾਣ-ਸਤਿਕਾਰ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਆਊਟਸੋਰਸ ਨੀਤੀ-2026 ਲਿਆਉਣ ਦੇ ਬਾਵਜੂਦ ਇਸ ਨੂੰ ਜ਼ਮੀਨੀ ਪੱਧਰ ਤੇ ਤੁਰੰਤ ਲਾਗੂ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਮੂਹ ਮੁਲਾਜ਼ਮ ਜਥੇਬੰਦੀਆਂ ਨਿੱਜੀਕਰਨ ਅਤੇ ਠੇਕਾ ਪ੍ਰਣਾਲੀ ਵਿਰੁੱਧ ਇੱਕਜੁੱਟ ਹੋ ਕੇ ਸਾਂਝਾ ਸੰਘਰਸ਼ ਵਿੱਢਣ। ਜਦੋਂ ਤੱਕ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਤੇ ਰੁਜ਼ਗਾਰ ਦੀ ਸੁਰੱਖਿਆ ਨਹੀਂ ਮਿਲਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸ ਨੀਤੀ-2026 ਤੁਰੰਤ ਲਾਗੂ ਕੀਤੀ ਜਾਵੇ, ਮੀਟਰ ਰੀਡਰਾਂ ਅਤੇ ਸਪਾਟ ਬਿਲਿੰਗ ਕਾਮਿਆਂ ਸਮੇਤ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਦੇ ਅਧੀਨ ਲਿਆਂਦਾ ਜਾਵੇ, ਨਿੱਜੀ ਕੰਪਨੀਆਂ ਦੀ ਮਨਮਾਨੀ ਅਤੇ ਮੁਲਾਜ਼ਮਾਂ ਦੀ ਲੁੱਟ ਬੰਦ ਕੀਤੀ ਜਾਵੇ ਅਤੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਠੋਸ ਨੀਤੀ ਬਣਾਈ ਜਾਵੇ। ਅੰਤ ਵਿੱਚ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋ ਅਤੇ ਯੂਨੀਅਨ ਆਗੂਆਂ ਨੇ ਸਮੂਹ ਮੀਟਰ ਰੀਡਰਾਂ, ਸਪਾਟ ਬਿਲਿੰਗ ਕਾਮਿਆਂ ਅਤੇ ਪੰਜਾਬ ਦੇ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 5 ਨਵੰਬਰ ਨੂੰ ਦਿੜ੍ਹਬਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚਣ ਤੇ ਮੁਲਾਜ਼ਮ ਏਕਤਾ ਦਾ ਸਬੂਤ ਦਿੰਦੇ ਹੋਏ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ।