ਗਰੇਵਾਲ ਦੀ ਸੇਵਾਮੁਕਤੀ ’ਤੇ ਯਾਦਗਾਰ ਵਿਦਾਇਗੀ ਸਮਾਰੋਹ ਗਰੇਵਾਲ ਦੀ ਸੇਵਾਮੁਕਤੀ ’ਤੇ ਯਾਦਗਾਰ ਵਿਦਾਇਗੀ ਸਮਾਰੋਹ
Publish Date: Sat, 05 Sep 2026 03:39 PM (IST)
Updated Date: Sun, 06 Sep 2026 04:01 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਘਾਬਦਾਂ ਦੇ ਮੈਨੇਜਰ ਅਵਤਾਰ ਸਿੰਘ ਗਰੇਵਾਲ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਯਾਦਗਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਕੇਂਦਰ ਦੇ ਸਟਾਫ ਵੱਲੋਂ ਉਨ੍ਹਾਂ ਦੀਆਂ ਲੰਬੀਆਂ ਅਤੇ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਸਨਮਾਨਿਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਵਤਾਰ ਸਿੰਘ ਗਰੇਵਾਲ ਨੇ ਆਪਣੀ ਸੇਵਾ ਦੌਰਾਨ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਦੀ ਕਾਰਜਸ਼ੈਲੀ ਸਟਾਫ ਅਤੇ ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗੀ। ਮੈਡੀਕਲ ਅਫ਼ਸਰ ਡਾ. ਇਸ਼ਾਨ ਪ੍ਰਕਾਸ਼ ਨੇ ਕਿਹਾ ਕਿ ਚੰਗੇ ਅਤੇ ਅਨੁਭਵੀ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਲਈ ਵੱਡਾ ਘਾਟਾ ਹੁੰਦੀ ਹੈ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਅਹਿਸਾਸ ਹਮੇਸ਼ਾ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਗਰੇਵਾਲ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਵਿਭਾਗ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੇਵਾਮੁਕਤ ਹੋਏ ਮੈਨੇਜਰ ਅਵਤਾਰ ਸਿੰਘ ਗਰੇਵਾਲ ਨੇ ਸਮਾਰੋਹ ਵਿੱਚ ਹਾਜ਼ਰ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫਲਤਾ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵਰਗੇ ਅਨੁਸ਼ਾਸਿਤ ਅਤੇ ਜ਼ਿੰਮੇਵਾਰ ਵਿਭਾਗ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਡਿਪਟੀ ਮੈਡੀਕਲ ਕਮਿਸ਼ਨਰ ਸੰਗਰੂਰ ਡਾ. ਵਿਕਾਸ ਧੀਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸ੍ਰੀ ਗਰੇਵਾਲ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਸਦਾ ਯਾਦ ਰੱਖੀ ਜਾਵੇਗੀ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਭਵਿੱਖ ਵਿੱਚ ਸਿਹਤ ਵਿਭਾਗ ਲਈ ਮਾਰਗਦਰਸ਼ਕ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਵਿਦਾਇਗੀ ਸਮਾਗਮ ਸਿਰਫ਼ ਇੱਕ ਅਧਿਕਾਰੀ ਦੀ ਸੇਵਾਮੁਕਤੀ ਨਹੀਂ, ਸਗੋਂ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਨੂੰ ਦਿੱਤਾ ਗਿਆ ਸਨਮਾਨ ਹੈ। ਇਸ ਮੌਕੇ ਮੁਹੰਮਦ ਖ਼ਾਲਿਦ, ਕੌਂਸਲਰ ਸੁਰਿੰਦਰ ਸਿੰਘ, ਸਟਾਫ ਨਰਸ ਪ੍ਰਦੀਪ ਸਿੰਘ, ਸਵਰਨਜੀਤ ਸਿੰਘ ਵਾਰਡ ਅਟੈਂਡੈਂਟ, ਪੁਸ਼ਕਰ ਰਾਜ ਤਿੱਤਰੀਆ, ਬਿਕਰਮਜੀਤ ਸਿੰਘ, ਸੁਰੱਖਿਆ ਕਰਮਚਾਰੀ ਪਰਮਜੀਤ ਸਿੰਘ, ਪੰਮੀ ਫੱਗੂਵਾਲੀਆ, ਗੁਰਜੰਟ ਸਿੰਘ, ਜੀਵਨ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਕੁਲਵੰਤ ਕੌਰ ਹਾਜ਼ਰ ਸਨ।