- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਲਰਜ਼ ਪਬਲਿਕ ਸਕੂਲ ਵਿੱਚ ਕਰਵਾਏ ਮਹਿੰਦੀ ਮੁਕਾਬਲੇ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ, ਰਾਜਪੁਰਾ ਵਿਖੇ ਭਾਰਤੀ ਸੱਭਿਆਚਾਰ, ਪਰੰਪਰਾਵਾਂ ਤੇ ਸੁਹੱਪਣ ਦੇ ਪ੍ਰਤੀਕ ਕਰਵਾਚੌਥ ਦੇ ਪਵਿੱਤਰ ਤਿਉਹਾਰ ਨੂੰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਇੰਟਰ ਹਾਊਸ ਮਹਿੰਦੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਆਪਣੀ ਕਲਾਤਮਕ ਪ੍ਰਤਿਭਾ, ਰਚਨਾਤਮਕ ਸੋਚ ਅਤੇ ਬਾਰੀਕ ਕਾਰੀਗਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਆਪਣੇ ਹੱਥਾਂ ’ਤੇ ਵੱਖ-ਵੱਖ ਆਕਰਸ਼ਕ ਅਤੇ ਕਲਾਤਮਕ ਮਹਿੰਦੀ ਡਿਜ਼ਾਈਨ ਬਣਾਏ। ਰਵਾਇਤੀ ਬੇਲ-ਬੂਟਿਆਂ ਤੋਂ ਲੈ ਕੇ ਆਧੁਨਿਕ ਡਿਜ਼ਾਈਨਾਂ ਤੱਕ ਵੱਖ-ਵੱਖ ਰੂਪਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਹਰੇਕ ਡਿਜ਼ਾਈਨ ਵਿਚ ਵਿਦਿਆਰਥਣਾਂ ਦੀ ਮਿਹਨਤ, ਕਲਪਨਾਸ਼ੀਲਤਾ ਅਤੇ ਕਲਾ ਪ੍ਰਤੀ ਸਮਰਪਣ ਸਪੱਸ਼ਟ ਨਜ਼ਰ ਆਇਆ। ਮੁਕਾਬਲੇ ਵਿਚ ਰੈੱਡ ਹਾਊਸ ਦੀ ਸਰਣਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਰੈੱਡ ਹਾਊਸ ਦੀ ਜੀਆ ਅਤੇ ਯੈਲੋ ਹਾਊਸ ਦੀ ਜਸ਼ਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਗ੍ਰੀਨ ਹਾਊਸ ਦੀ ਵੀਨਸ ਰਾਣਾ ਤੀਜੇ ਸਥਾਨ ’ਤੇ ਰਹੀ। ਯੈਲੋ ਹਾਊਸ ਦੀ ਦੁਪਿੰਦਰ ਕੌਰ ਨੇ ਹੌਸਲਾ-ਅਫਜ਼ਾਈ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਤਿਉਹਾਰ ਸਾਡੀ ਸੱਭਿਆਚਾਰਕ ਪਛਾਣ ਅਤੇ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹਨ।ਇਸ ਮੌਕੇ ਕਰਵਾਏ ਗਏ ਮੁਕਾਬਲੇ ਨੇ ਭਾਰਤੀ ਪਰੰਪਰਾਵਾਂ ਅਤੇ ਲੋਕ ਕਲਾਵਾਂ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਦਾ ਸੁੰਦਰ ਸੰਦੇਸ਼ ਦਿੱਤਾ।