- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਾਂਸਪੋਰਟ ਮੰਤਰੀ ਚੀਮਾ ਨਾਲ ਚੇਅਰਮੈਨ ਹਰਪਾਲ ਜੁਨੇਜਾ ਨੇ ਕੀਤੀ ਮੀਟਿੰਗ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਟਰਾਂਸਪੋਰਟ-ਕਮ-ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਚੇਅਰਮੈਨ ਪੀਆਰਟੀਸੀ ਐਡਵੋਕੇਟ ਹਰਪਾਲ ਜੁਨੇਜਾ ਨਾਲ ਪੀਆਰਟੀਸੀ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਚੇਅਰਮੈਨ ਪੀ.ਆਰ.ਟੀ.ਸੀ. ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਟਰਾਂਸਪੋਰਟ-ਕਮ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੀ.ਆਰ.ਟੀ.ਸੀ. ਵੱਲੋਂ ਸਵਾਰੀਆਂ ਨੂੰ ਬਿਹਤਰ ਤੇ ਸੁਵਿਧਾਜਨਕ ਬੱਸ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਜਲਦ ਹੀ 100 ਨਵੀਆਂ ਮਿੱਡੀ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਵਾਰੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਪੀ.ਆਰ.ਟੀ.ਸੀ. ਦੀਆਂ ਜ਼ਮੀਨਾਂ ’ਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐੱਲ.) ਰਾਹੀਂ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਤ ਕਰਨ ਸਬੰਧੀ ਕਾਰਵਾਈ ਵੀ ਅਰੰਭੀ ਜਾ ਚੁੱਕੀ ਹੈ। ਇਸ ਤਹਿਤ ਪੀਆਰਟੀਸੀ ਮੁੱਖ ਦਫ਼ਤਰ ਪਟਿਆਲਾ, ਪੀਆਰਟੀਸੀ ਵਰਕਸ਼ਾਪ ਸਰਹਿੰਦੀ ਗੇਟ ਪਟਿਆਲਾ ਅਤੇ ਪੀਆਰਟੀਸੀ ਵਰਕਸ਼ਾਪ ਸੰਗਰੂਰ ਵਿਖੇ ਆਈ.ਓ.ਸੀ.ਐੱਲ. ਵੱਲੋਂ ਜਲਦ ਹੀ ਪੈਟਰੋਲ ਪੰਪ ਸਥਾਪਤ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪੀਆਰਟੀਸੀ ਵੱਲੋਂ ਹਾਲ ਹੀ ਅਤਿ-ਆਧੁਨਿਕ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ (ਈ.ਟੀ.ਐਮ.) ਦਾ ਪਟਿਆਲਾ ਡਿਪੂ ਵਿਖੇ ਪਾਇਲਟ ਪ੍ਰੋਜੈਕਟ ਸਫ਼ਲਤਾਪੂਰਵਕ ਚਲਾਇਆ ਜਾ ਚੁੱਕਾ ਹੈ। ਮੀਟਿੰਗ ਵਿਚ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ, ਏਐਮਡੀ ਨਵਦੀਪ ਕੁਮਾਰ, ਜਨਰਲ ਮੈਨੇਜਰ (ਪ੍ਰਸ਼ਾਸਨ) ਅਮਨਵੀਰ ਸਿੰਘ ਟਿਵਾਣਾ ਸਮੇਤ ਹੋਰ ਅਧਿਕਾਰੀ ਅਤੇ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।