- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਡ ਡੇ ਮੀਲ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਧਾਉਣ ਸਬੰਧੀ ਸਰਕਾਰ ਨਾਲ ਮੀਟਿੰਗ

ਗੁਰਦੀਪ ਟਿਵਾਣਾ, ਪੰਜਾਬੀ ਜਾਗਰਣ, ਭਾਦਸੋਂ : ਸਿਵਲ ਸਕੱਤਰੇਤ ਪੰਜਾਬ ਵਿਖੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੇ ਆਗੂਆਂ ਦੀ ਮੀਟਿੰਗ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਤੇ ਹੋਰ ਉੱਚ ਅਧਿਕਾਰੀਆਂ ਨਾਲ ਹੋਈ। ਮੀਟਿੰਗ ’ਚ ਆਗੂਆਂ ਵੱਲੋਂ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲੈਣ ਦੀ ਮੰਗ ਨੂੰ ਜ਼ੋਰ ਸੋਰ ਨਾਲ ਉਠਾਇਆ ਗਿਆ ਤੇ ਇਹ ਮੰਗ ਵੀ ਉਠਾਈ ਗਈ ਕਿ ਕੁੱਕ ਦੀ ਤਨਖਾਹ ’ਚ ਹਰ ਸਾਲ ਵਾਧਾ ਕਰਨ ਦਾ ਨਿਯਮ ਬਣਾਇਆ ਜਾਵੇ। ਫਰੰਟ ਵੱਲੋਂ ਮੀਟਿੰਗ ’ਚ ਹਾਜ਼ਰ ਹੋਏ ਆਗੂਆਂ ਹਰਜਿੰਦਰ ਕੌਰ ਲੋਪੇ, ਜਲ ਕੌਰ ਬਠਿੰਡਾ, ਜੰਗ ਬਹਾਦਰ ਕੌਰ ਮੁਹਾਲੀ, ਸਿਮਰਜੀਤ ਕੌਰ ਅਜਨੌਦਾ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਲਦੀ ਹੀ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦਾ ਐਲਾਨ ਸਰਕਾਰ ਵੱਲੋਂ ਕੀਤਾ ਜਾਵੇਗਾ। ਮੀਟਿੰਗ ’ਚ ਇਸ ਗੱਲ ਤੇ ਵੀ ਚਰਚਾ ਹੋਈ ਕਿ ਘੱਟੋ ਘੱਟ ਦੁੱਗਣੀ ਤਨਖਾਹ ਤਾਂ ਕੀਤੀ ਜਾਵੇਗੀ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਕੇ ਹੋਰ ਸੰਤੁਸ਼ਟੀਜਨਕ ਤਨਖਾਹ ਵਧਾਉਣ ਬਾਰੇ ਵੀ ਸਰਕਾਰ ਹੋਰ ਸੋਚ ਸਕਦੀ ਹੈ। ਇਸ ਮੌਕੇ ਇਸ ਗੱਲ ਤੇ ਵੀ ਸਹਿਮਤੀ ਬਣੀ ਕਿ ਹਰ ਸਾਲ ਮਿਡ ਡੇ ਮੀਲ ਕੁੱਕ ਦੀ ਤਨਖਾਹ ’ਚ ਘੱਟੋ ਘੱਟ 500 ਰੁਪਏ ਵਾਧਾ ਕਰਨ ਬਾਰੇ ਵੀ ਸਹਿਮਤੀ ਬਣੀ। ਮੀਟਿੰਗ ’ਚ ਇਸ ਗੱਲ ਤੇ ਵੀ ਚਰਚਾ ਹੋਈ ਕਿ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਆਪਣਾ ਹਿੱਸਾ ਵਧਾਉਣ ਬਾਰੇ ਲਿਖੇ, ਤਾਂ ਜੋ ਕੁੱਕ ਦੀ ਤਨਖਾਹ ਹੋਰ ਵੱਧ ਸਕੇ। ਉਨ੍ਹਾਂ ਨੂੰ ਤਰੱਕੀ ਦੇ ਕੇ ਬਲਾਕ ਦਫਤਰਾਂ ਵਿੱਚ ਮਿਡ ਡੇ ਮੀਲ ਡਾਟਾ ਐਂਟਰੀ ਦੀ ਪੋਸਟ ਤੇ ਲਗਾਇਆ ਜਾਵੇ। ਆਗੂਆਂ ਵੱਲੋਂ ਤਨਖਾਹਾਂ ’ਚ ਹੋ ਰਹੀ ਦੇਰੀ ਦੇ ਮਾਮਲੇ ਨੂੰ ਹੱਲ ਕਰਨ ਬਾਰੇ ਵੀ ਚਰਚਾ ਕੀਤੀ ਗਈ। ਇਸ ਸਮੇਂ ਉੱਚ ਅਧਿਕਾਰੀਆਂ ’ਚ ਹਰਪ੍ਰੀਤ ਸਿੰਘ, ਸਟੇਟ ਮੇਨੈਜਰ ਵਰਿੰਦਰਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।