ਸਰਕਾਰ ਲੰਬਿਤ 60 ਫੀਸਦੀ ਡੀਏ ਦੀ ਅਦਾਇਗੀ ਕਰੇ : ਲੋਹਟ ਮੰਗਾਂ ਸਬੰਧੀ ਮੀਟਿੰਗ 7 ਅਗਸਤ ਨੂੰ
Publish Date: Sun, 26 Jul 2026 05:37 PM (IST)
Updated Date: Sun, 26 Jul 2026 05:41 PM (IST)
ਫੋਟੋ 26ਪੀਟੀਐਲ: 18: -ਮੰਗਾਂ ਸਬੰਧੀ ਮੀਟਿੰਗ 7 ਅਗਸਤ ਨੂੰ ਐਚ.ਐੱਸ.ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਵਿਖੇ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਤੇ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵੱਲੋਂ ਇੰਜ: ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਵਿਚ ਇੰਜ: ਮਹਿੰਦਰ ਕੁਮਾਰ ਡਾਬੀ ਸੂਬਾ ਜਨਰਲ ਸਕੱਤਰ ਨੇ ਜੱਥੇਬੰਦੀ ਦੇ ਹਾਜ਼ਰ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਦੱਸਿਆ ਕਿ 7 ਅਗਸਤ ਨੂੰ ਮੋਹਾਲੀ ਵਿਖੇ ਮੁਲਾਜ਼ਮ ਤੇ ਪੈਨਸ਼ਨਰ ਵਰਗ ਦੀਆਂ ਸਾਂਝੀਆਂ ਜਾਇਜ਼, ਹੱਕੀ ਤੇ ਵਾਜ਼ਬ ਮੰਗਾਂ ਦੇ ਸਬੰਧ ਵਿਚ ਮੁਲਾਜ਼ਮ ਤੇ ਪੈਨਸ਼ਨਰ ਵਰਗ ਵੱਲੋਂ ਸਾਂਝੀ ਮਹਾਂ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜੂਨੀਅਰ ਇੰਜੀਨੀਅਰ/ ਸਹਾਇਕ ਇੰਜੀਨੀਅਰ ਵਰਗ ਸਮੇਤ ਜਮਾਤੀ ਸਾਥੀਆਂ, ਮੁਲਾਜ਼ਮ ਤੇ ਪੈਨਸ਼ਨਰ ਵਰਗ ਦੀਆਂ ਸਾਂਝੀਆਂ ਜਾਇਜ਼, ਹੱਕੀ ਤੇ ਵਾਜ਼ਬ ਮੰਗਾਂ ਨੂੰ ਮੰਨਵਾਉਣ ਲਈ ਲੋਕਤੰਤਰਿਕ ਸ਼ਾਂਤਮਈ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਪੰਜਾਬ ਸਰਕਾਰ ਨੂੰ ਇਨ੍ਹਾਂ ਹੱਕੀ ਜਾਇਜ਼ ਤੇ ਵਾਜ਼ਬ ਮੰਗਾਂ ਨੂੰ ਮੰਨਣ ਦੀ ਅਪੀਲ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਸਮੂਹ ਪੈਨਸ਼ਨਰਜ਼ ਅਤੇ ਮੁਲਾਜ਼ਮ ਵਰਗ ਲਈ ਚਿਰਾਂ ਤੋਂ ਲੰਬਿਤ 60 ਫੀਸਦੀ ਡੀ.ਏ.ਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਵਿਭਾਗ ਦੇ ਫੀਲਡ ’ਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ ਨੂੰ ਵਿਕਾਸ ਕੰਮਾਂ ਦੀ ਨਿਗਰਾਨੀ ਕਰਨ ਲਈ ਦਸੰਬਰ 2021 ਤੋਂ ਬੰਦ ਪਏ 30 ਲੀਟਰ ਲੋਕਲ ਟਰੈਵਲਿੰਗ ਅਲਾਊਂਸ (ਪੈਟਰੋਲ ਭੱਤਾ) ਨੂੰ ਤਰੁੰਤ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ, ਪੰਜਾਬ ਦੀ ਤਰਜ਼ ਤੇ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵਿੱਚ ਵੀ ਜੂਨੀਅਰ ਇੰਜੀਨੀਅਰ ਦੀ ਅਸਾਮੀ ਤੋਂ ਉਪ ਮੰਡਲ ਇੰਜੀਨੀਅਰ (ਸਿਵਲ/ ਬਿਜਲੀ/ ਮਕੈਨੀਕਲ/ ਬਾਗ਼ਬਾਨੀ ਆਦਿ) ਦੀ ਅਸਾਮੀ ਲਈ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਤਰੱਕੀ ਕੋਟੇ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਸ਼ਾਖਾ ਪੰਜਾਬ ਵਿੱਚ ਜੂਨੀਅਰ ਇੰਜੀਨੀਅਰ (ਸਿਵਲ/ ਬਿਜਲੀ/ ਮਕੈਨੀਕਲ/ ਬਾਗਬਾਨੀ ਆਦਿ) ਦੀਆਂ ਖਾਲੀ ਪਈਆਂ ਅਸਾਮੀਆਂ ਤੇ ਤਰੁੰਤ ਭਰਤੀ ਕੀਤੀ ਜਾਵੇ। ਮੀਟਿੰਗ ਵਿਚ 31 ਦਸੰਬਰ 26 ਤੱਕ ਦੀਆਂ ਖਾਲੀ ਪਈਆਂ ਉਪ ਮੰਡਲ ਇੰਜੀਨੀਅਰ ( ਸਿਵਲ/ ਬਿਜਲੀ/ ਮਕੈਨੀਕਲ/ ਬਾਗਬਾਨੀ ਆਦਿ) ਦੀਆਂ ਅਸਾਮੀਆਂ ਦੀ ਡੀ.ਪੀ.ਸੀ. ਕੀਤੀ ਜਾਵੇ। ਮੀਟਿੰਗ ਵਿਚ ਇੰਜ: ਜਸਵਿੰਦਰ ਸਿੰਘ ਤਕਨੀਕੀ ਸਲਾਹਕਾਰ ਐਸ. ਡੀ.ਓ, ਰਿਸਰਚ ਲੈਬ ਪਟਿਆਲਾ, ਇੰਜ: ਹਰਜੀਤ ਸਿੰਘ ਬੈਨੀਪਾਲ ਸੂਬਾ ਸਲਾਹਕਾਰ, ਇੰਜ: ਪਰਮੋਦ ਐਸ. ਡੀ. ਓ. ਪਟਿਆਲਾ, ਇੰਜ: ਹਰਮਿਲਾਪ ਸਿੰਘ ਸੀਨੀਅਰ ਆਗੂ ਪਟਿਆਲਾ, ਇੰਜ : ਰਾਮ ਸਿੰਘ ਸਰਕਲ ਜਨਰਲ ਸਕੱਤਰ ਫ਼ਤਹਿਗੜ੍ਹ ਸਾਹਿਬ (ਪਟਿਆਲਾ- 2) ਇੰਜ : ਮਨਦੀਪ ਸਿੰਘ ਰਾਠੌਰ ਸਰਕਲ ਜਨਰਲ ਸਕੱਤਰ ਪਟਿਆਲਾ -1, ਇੰਜ: ਕੁਮਾਰ ਗੌਰਵ ਰਾਜਪੁਰਾ ਸੂਬਾ ਮੀਤ ਪ੍ਰਧਾਨ, ਇੰਜ: ਰੌਬਿਨ ਜੇ ਈ ਰਾਜਦੇਵ ਫ਼ਤਹਿਗੜ੍ਹ ਸਾਹਿਬ ਸਮੇਤ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰ ਵੀ ਮੌਜੂਦ ਸਨ।