- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਹੋਈ ਮੀਟਿੰਗ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ, ਨਵੀਂ ਅਨਾਜ ਮੰਡੀ ਨਾਭਾ ਵਿਖੇ ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਸੂਬਾ ਸਕੱਤਰ ਹਰਦੀਪ ਸਿੰਘ ਘਨੁੜਕੀ ਨੇ ਕਿਹਾ ਕਿ ਮੰਡੀਆਂ ਵਿਚ ਬੋਲੀ ਸਮੇਂ ਕਿਸਾਨ ਦੀ ਫੋਟੋ ਲੈਣੀ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਨਮੀ ਚੈੱਕ ਕਰਨ ਲਈ ਮਾਰਕੀਟ ਕਮੇਟੀ ਅਤੇ ਸਬੰਧਿਤ ਇੰਸਪੈਕਟਰ ਦੇ ਮੀਟਰ ਹੀ ਵਰਤੇ ਜਾਣੇ ਚਾਹੀਦੇ ਹਨ ਅਤੇ ਦੋਵਾਂ ਮੀਟਰਾਂ ਦੀ ਨਮੀ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਵਾਂ ’ਤੇ ਸ਼ੈੱਲਰ ਮਾਲਕ ਆਪਣੇ ਮੀਟਰਾਂ ਨਾਲ ਨਮੀ ਚੈੱਕ ਕਰ ਰਹੇ ਹਨ, ਜੋ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਆਪਣੀ ਫ਼ਸਲ ਦੀ ਖਰੀਦ ਸਮੇਂ ਪੂਰੀ ਤਰ੍ਹਾਂ ਜਾਗਰੂਕ ਰਹਿਣ। ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ ਨੇ ਕਿਹਾ ਕਿ ਜਿਨ੍ਹਾਂ ਘਰਾਂ ਨੂੰ ਪੰਜ-ਛੇ ਮਹੀਨਿਆਂ ਦੇ ਬਿਜਲੀ ਬਿੱਲ ਐਵਰੇਜ ਦੇ ਆਧਾਰ ’ਤੇ ਭੇਜੇ ਜਾ ਰਹੇ ਹਨ, ਉਹ ਆਪਣੀ ਪਿਛਲੇ ਸਾਲ ਦੀ ਖਪਤ ਦੀ ਔਸਤ ਚੈੱਕ ਕਰਵਾਉਣ। ਪਰਵਿੰਦਰ ਸਿੰਘ ਬਨੇਰਾ ਖੁਰਦ ਨੇ ਸੁਸਾਇਟੀਆਂ ਵਿੱਚ ਡੀਏਪੀ ਦੀ ਟੈਗਿੰਗ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਕਿਸਾਨਾਂ ਨੂੰ ਮਹਿੰਗੇ ਭਾਅ ’ਤੇ ਖਾਦ ਖਰੀਦਣੀ ਪੈ ਰਹੀ ਹੈ। ਉਨ੍ਹਾਂ ਡੀਜ਼ਲ, ਦਵਾਈਆਂ ਅਤੇ ਹੋਰ ਖੇਤੀ ਲਾਗਤਾਂ ਵਧਣ ਦੇ ਬਾਵਜੂਦ ਕਣਕ ਦੇ ਭਾਅ ਵਿਚ ਮਾਮੂਲੀ ਵਾਧੇ ’ਤੇ ਵੀ ਸਵਾਲ ਚੁੱਕੇ। ਇਸ ਮੌਕੇ ਜਰਨੈਲ ਸਿੰਘ ਗੁਣੀਕੇ, ਲਾਭ ਸਿੰਘ ਦਿੱਤੂਪੁਰ, ਅਵਤਾਰ ਸਿੰਘ ਪੇਧਨ ਅਤੇ ਨਿਰਭੈ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।