ਰਾਜਪੁਰਾ ’ਚ ਮੈਡੀਕੋਜ਼ ਦੇ ਮਾਲਕ ਦੇ ਘਰ ਤੇ ਸਟੋਰ ਤੋਂ 10.63 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਰਾਜਪੁਰਾ ’ਚ ਮੈਡੀਕੋਜ਼ ਦੇ ਮਾਲਕ ਦੇ ਘਰ ਤੇ ਸਟੋਰ ਤੋਂ 10.63 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ
Publish Date: Thu, 26 Nov 2026 04:54 PM (IST)
Updated Date: Thu, 26 Nov 2026 04:55 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਥਾਣਾ ਸਿਟੀ ਪੁਲਿਸ ਰਾਜਪੁਰਾ ਅਤੇ ਡਰੱਗ ਕੰਟਰੋਲ ਅਫਸਰ ਪਟਿਆਲਾ ਦੇ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰਾਜਪੁਰਾ ਵਿਖੇ ਗਰੇਨ ਮਾਰਕੀਟ ਸਥਿਤ ਮੈਸਰਜ਼ ਸਪਨਾ ਮੈਡੀਕੋਜ਼ ਦੇ ਮਾਲਕ ਦੇ ਰਿਹਾਇਸ਼ੀ ਘਰ ਅਤੇ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ਵਿੱਚ ਦਵਾਈਆਂ ਜ਼ਬਤ ਕਰ ਕੇ ਐੱਫਆਈਆਰ ਨੰਬਰ 332 ਦੀ ਜਾਂਚ ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਹੋਇਆ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਨਵਜੋਤ ਕੌਰ ਨੇ ਦੱਸਿਆ ਕਿ ਡਰੱਗ ਕੰਟਰੋਲ ਅਫ਼ਸਰ ਪਟਿਆਲਾ-2 ਪਰਨੀਤ ਕੌਰ ਵੱਲੋਂ ਥਾਣਾ ਸਿਟੀ ਰਾਜਪੁਰਾ ਇੰਸਪੈਕਟਰ ਸੁਮਿਤ ਮੋਰ ਅਤੇ ਪੁਲਿਸ ਚੌਕੀ ਬੱਸ ਸਟੈਂਡ ਤੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਦੇ ਵੱਲੋਂ ਰਿਹਾਇਸ਼ੀ ਘਰ ਤੋਂ ਟੈਪੈਂਟਾਡੋਲ, ਪ੍ਰੈਗਾਬਾਲਿਨ-75, ਓਲੈਂਜ਼ਾਪੀਨ ਅਤੇ ਐੱਮਟੀਪੀ ਕਿੱਟਾਂ ਸਮੇਤ 7 ਕਿਸਮਾਂ ਦੀਆਂ ਦਵਾਈਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 2,39,966 ਰੁਪਏ ਹੈ, ਡਰੱਗ ਕੰਟਰੋਲ ਅਫ਼ਸਰ ਵੱਲੋਂ ਜ਼ਬਤ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 3 ਦਵਾਈਆਂ ਦੇ ਨਮੂਨੇ ਜਾਂਚ ਲਈ ਲਏ ਗਏ, ਜਦਕਿ ਪੁਲਿਸ ਵੱਲੋਂ 9 ਕਿਸਮਾਂ ਦੀਆਂ ਦਵਾਈਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 7,99,250 ਰੁਪਏ ਹੈ, ਜ਼ਬਤ ਕੀਤੀਆਂ ਗਈਆਂ। ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਸ਼ਾਮ ਸਮੇਂ ਮੈਡੀਕਲ ਸਟੋਰ ਦੀ ਵੀ ਜਾਂਚ ਕੀਤੀ ਗਈ, ਜਿਸ ਦੌਰਾਨ ਪ੍ਰੈਗਾਬਾਲਿਨ-300, ਟੈਪੈਂਟਾਡੋਲ, ਕਲੋਨਾਜ਼ੇਪਾਮ ਅਤੇ ਐਲਪਰਾਜ਼ੋਲਮ ਸਮੇਤ 5 ਕਿਸਮਾਂ ਦੀਆਂ ਦਵਾਈਆਂ/ਵਸਤਾਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 4,710 ਰੁਪਏ ਹੈ, ਡਰੱਗ ਕੰਟਰੋਲ ਅਫ਼ਸਰ ਵੱਲੋਂ ਜ਼ਬਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਟ੍ਰਾਮਾਡੋਲ ਵਾਲੀਆਂ 2 ਕਿਸਮਾਂ ਦੀਆਂ ਦਵਾਈਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 19,424 ਰੁਪਏ ਹੈ, ਅਗਲੀ ਲੋੜੀਂਦੀ ਕਾਰਵਾਈ ਲਈ ਪੁਲਿਸ ਦੇ ਹਵਾਲੇ ਕੀਤੀਆਂ ਗਈਆਂ। ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਨੇ ਦੱਸਿਆ ਕਿ ਲੋਕ ਹਿੱਤ ਵਿੱਚ ਅਤੇ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਮੱਦੇਨਜ਼ਰ ਮੈਡੀਕਲ ਸਟੋਰ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਗਿਆ।