ਮਾਤਾ ਕੁਸ਼ਲਿਆ ਹਸਪਤਾਲ ਦੇ ਆਈਸੀਯੂ ’ਚੋਂ ਵੈਂਟੀਲੇਟਰ ਚੋਰੀ ਮਾਤਾ ਕੁੱਸਲਿਆ ਹਸਪਤਾਲ ਦੇ ਆਈਸੀਯੂ ’ਚੋਂ ਵੈਂਟੀਲੇਟਰ ਚੋਰੀ
Publish Date: Tue, 22 Sep 2026 05:58 PM (IST)
Updated Date: Tue, 22 Sep 2026 06:00 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਸਥਾਨਕ ਮਾਤਾ ਕੁੱਸਲਿਆ ਹਸਪਤਾਲ ’ਚ ਨਿੱਤ ਦਿਨ ਹੋ ਰਹੀਆਂ ਛੋਟੀਆਂ ਮੋਟੀਆਂ ਚੋਰੀਆਂ ਤੋਂ ਇਲਾਵਾ ਹੁਣ ਚੋਰਾਂ ਨੇ ਕੀਮਤੀ ਸਾਮਾਨ ’ਤੇ ਹੱਥ ਸਾਫ ਕਰ ਦਿੱਤਾ ਹੈ। ਚੋਰਾਂ ਵੱਲੋਂ ਹਸਪਤਾਲ ਦੇ ਬੱਚਿਆਂ ਦੇ ਆਈਸੀਯੂ ਵਾਰਡ ਦੇ ਸਟੋਰ ’ਚੋਂ ਦੋ ਵੈਂਟੀਲੇਟਰਾਂ ਦਾ ਸਾਮਾਨ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸਦੀ ਬਾਜ਼ਾਰੀ ਕੀਮਤ 8 ਤੋਂ ਦਸ ਲੱਖ ਰੁਪਏ ਦੱਸੀ ਜਾ ਰਹੀ ਹੈ। ਮਹਿੰਗਾ ਸਾਮਾਨ ਚੋਰੀ ਹੋਣ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਤੇ ਅਧਿਕਾਰੀਆਂ ਵੱਲੋਂ ਤੁਰੰਤ ਪੁਲਿਸ ਸਿਕਾਇਤ ਦਰਜ ਕਰਵਾਈ ਗਈ। ਥਾਣਾ ਲਾਹੋਰੀ ਗੇਟ ਦੀ ਪੁਲਿਸ ਨੇ 12 ਸਤੰਬਰ ਨੂੰ ਮਿਲੀ ਸ਼ਿਕਾਇਤ ’ਤੇ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਆਰੰਭ ਦਿੱਤੀ ਹੈ ਅਤੇ ਹਸਪਤਾਲ ਸਟਾਫ ਤੋਂ ਵੱਖ-ਵੱਖ ਐਂਗਲਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜਾਂਚ ਜਾਰੀ ਹੈ ਤੇ ਜਲਦ ਹੀ ਚੋਰੀ ਟਰੇਸ ਕਰ ਲਈ ਜਾਵੇਗੀ। ਚੋਰੀ ਦੀ ਇਸ ਵੱਡੀ ਘਟਨਾ ਕਾਰਨ ਹਸਪਤਾਲ ’ਚ ਸਾਰਾ ਦਿਨ ਚਰਚਾ ਚੱਲਦੀ ਰਹੀ। ਇਸ ਸਬੰਧੀ ਗੱਲਬਾਤ ਕਰਦਿਆ ਮਾਤਾ ਕੁਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਹਸਪਤਾਲ ਅੰਦਰ ਬਣੇ ਬੱਚਿਆਂ ਦੇ ਆਈਸੀਯੂ ਵਾਰਡ ’ਚੋਂ ਦੋ ਵੈਂਟੀਲੇਟਰਾਂ ਦਾ ਸਮਾਨ ਚੋਰੀ ਹੋਣ ਬਾਰੇ ਪਤਾ ਲਗੱਣ ’ਤੇ ਉਨ੍ਹਾਂ ਖੁਦ ਜਾ ਕੇ ਮੁਆਇਨਾ ਕੀਤਾ ਤੇ ਸਬੰਧਤ ਸਟਾਫ ਤੋਂ ਪੁੱਛ ਪੜਤਾਲ ਕੀਤੀ ਸੀ ਤੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐੱਮਐੱਸ ਨੇ ਦੱਸਿਆ ਕਿ ਬੱਚਾ ਵਾਰਡ ਦੇ ਆਈਸੀਯੂ ’ਚ ਵਰਤਿਆ ਜਾਣ ਵਾਲਾ ਸਾਮਾਨ ਵਾਰਡ ਤੋਂ ਇਲਾਵਾ ਨਾਲ ਬਣੇ ਸਟੋਰ ਰੂਮ ’ਚ ਰੱਖਿਆ ਹੁੰਦਾ ਹੈ ਅਤੇ ਸਟਾਫ ਦੇ ਇੱਕ ਕਰਮਚਾਰੀ ਨੂੰ ਸਟੋਰ ਦਾ ਇੰਚਾਰਜ ਲਗਾਇਆ ਹੋਇਆ ਹੈ, ਜਿਸਦੀ ਜ਼ਿੰਮੇਵਾਰੀ ਹਰ ਰੋਜ਼ ਸਾਮਾਨ ਚੈਕਿੰਗ ਦੀ ਹੁੰਦੀ ਹੈ। ਐਮਐਸ ਨੇ ਦੱਸਿਆ ਕਿ ਸਬੰਧਤ ਸਟੋਰ ਇੰਚਾਰਜ ਦੇ ਦੱਸਣ ਅਨੁਸਾਰ 9 ਤੋਂ 10 ਸਤੰਬਰ ਨੂੰ ਸਮਾਨ ਚੋਰੀ ਹੋਇਆ ਹੈ, ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਵੈਂਟੀਲੇਟਰ ਦਾ ਸਮਾਨ ਮਹਿੰਗੇ ਭਾਅ ਦਾ ਹੈ ਤੇ ਇਹ ਕਿਸੇ ਜਾਣਕਾਰ ਵਿਅਕਤੀ ਦਾ ਕੰਮ ਹੋ ਸਕਦਾ ਹੈ ਕਿਉਂਕਿ ਇਹ ਸਮਾਨ ਆਮ ਵਰਤੋਂ ਲਈ ਨਹੀਂ ਸਗੋਂ ਮੈਡੀਕਲ ਲਾਈਨ ’ਚ ਹੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਚੋਰ ਫੜੇ ਜਾਣ। ਡੱਬੀ -11 ਵੈਟੀਂਲੇਟਰ ਉਪਲੱਬਧ : ਡਾ. ਗੋਇਲ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮਐੱਸ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਭਾਵੇ ਕਿ ਦੋ ਵੈਂਟੀਲੇਟਰਾਂ ਦਾ ਸਾਮਾਨ ਚੋਰੀ ਹੋ ਗਿਆ ਹੈ ਪ੍ਰੰਤੂ ਹਸਪਤਾਲ ਦਾ ਕੰਮ ਨਿਰਵਿਗਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਕੁੱਲ 11 ਵੈਟੀਂਲੇਟਰ ਉਪਲੱਬਧ ਹਨ ਤੇ ਹਰ ਲੋੜੀਂਦੇ ਪੁਆਇੰਟ ’ਤੇ ਵੈਂਟੀਲੇਟਰ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਅੰਦਰ ਲੋੜੀਂਦਾ ਸਾਮਾਨ ਉਪਲੱਬਧ ਹੈ। ਡੱਬੀ- ਇਸ ਸਬੰਧੀ ਥਾਣਾ ਲਾਹੌਰੀ ਗੇਟ ਤੋਂ ਜਾਂਚ ਅਧਿਕਾਰੀ ਏਐੱਸਆਈ ਨਿਰੰਕਾਰ ਸਿੰਘ ਨੇ ਦੱਸਿਆ ਕਿ 9 ਸਤੰਬਰ ਨੂੰ ਵਾਪਰੀ ਘਟਨਾ ਤੋਂ ਬਾਅਦ 12 ਸਤੰਬਰ ਨੂੰ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਸੀ। ਜਾਂਚ ਕਰਨ ਤੋਂ ਬਾਅਦ 21 ਸਤੰਬਰ ਨੂੰ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ਵਿਚ ਦਰਜਾ ਚਾਰ ਕਰਮਚਾਰੀਆਂ ਤੋਂ ਲੈ ਕੇ ਡਿਊਟੀ ’ਤੇ ਤਾਇਨਾਤ ਡਾਕਟਰਾਂ ਤੱਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 22 ਸਤੰਬਰ ਨੂੰ ਵੀ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਕੈਮਰਿਆਂ ਦੀ ਰਿਕਾਰਡਿੰਗ ਬੰਦ ਪਈ ਸੀ, ਜਿਸ ਨੂੰ ਘਟਨਾ ਤੋਂ ਬਾਅਦ ਠੀਕ ਕਰਵਾਇਆ ਗਿਆ ਹੈ। ਹਸਪਤਾਲ ਤੋਂ ਬਾਹਰ ਨਿਕਲਣ ਲਈ ਕਈ ਰਸਤੇ ਹਨ। ਅਜਿਹੇ ਵਿਚ ਖਦਸ਼ਾ ਹੈ ਕਿ ਇਸ ਵਾਰਦਾਤ ਵਿਚ ਇਕ ਤੋਂ ਦੋ ਵਿਅਕਤੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੇ ਮੁੱਖ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਦੀ ਵਰਤੋਂ ਕੀਤੀ ਹੋਵੇ। ਡੱਬੀ- ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਹੀ ਨਹੀ- ਜਾਣਕਾਰੀ ਅਨੁਸਾਰ ਚੋਰੀ ਵਾਲੀ ਬਿਲਡਿੰਗ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਹੀ ਨਹੀਂ ਹੋਈ ਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਘਟਨਾ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਮੁੜ ਸ਼ੁਰੂ ਕਰਵਾਈ। ਪੁਲਿਸ ਜਾਂਚ ਦੌਰਾਨ ਜਦੋਂ ਟੀਮ ਨੇ ਉਕਤ ਬਿਲਡਿੰਗ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੁਰਾਣੀ ਰਿਕਾਰਡਿੰਗ ਮੰਗੀ ਤਾਂ ਵਾਰਦਾਤ ਵਾਲੇ ਦਿਨਾਂ ਦੀ ਰਿਕਾਰਡਿੰਗ ਉਪਲੱਬਧ ਨਹੀਂ ਕਰਵਾ ਸਕੇ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਕਤ ਦਿਨਾਂ ’ਚ ਇਥੇ ਹਾਰਡਡਿਸਕ ਖਰਾਬ ਹੋਣ ਕਾਰਨ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਨਹੀਂ ਹੋਈ ਤੇ 18 ਸਤੰਬਰ ਤੋਂ ਬਾਅਦ ਰਿਕਾਰਡਿੰਗ ਮੁੜ ਸ਼ੁਰੂ ਹੋਈ ਹੈ। ਡੱਬੀ- ਹੋਰ ਨਵੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ : ਐੱਮਐੱਸ ਇਸ ਸਬੰਧੀ ਗੱਲਬਾਤ ਕਰਦਿਆਂ ਐੱਮਐੱਸ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਹਸਪਤਾਲ ਦੀ ਨਿਗਰਾਨੀ ਲਈ ਪਹਿਲਾਂ ਹੀ 60 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਹੋਏ ਹਨ ਤੇ 35 ਕੈਮਰੇ ਹੋਣ ਲਗਾਉਣ ਲਈ ਕੁਟੇਸ਼ਨਾ ਮੰਗੀਆਂ ਹੋਈਆਂ ਹਨ ਤੇ ਜਲਦ ਹੀ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਉਨ੍ਹਾਂ ਆਖਿਆ ਕਿ ਇਸ ਘਟਨਾ ਨੂੰ ਇੰਜਾਮ ਦੇਣ ਵਾਲੇ ਵਿਅਕਤੀ ਬਾਰੇ ਜਲਦ ਹੀ ਪਤਾ ਲੱਗ ਜਾਵੇਗਾ।