ਭਾਈ ਹਿੰਮਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ
ਭਾਈ ਹਿੰਮਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
Publish Date: Mon, 19 Jan 2026 04:35 PM (IST)
Updated Date: Tue, 20 Jan 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜ ਪਿਆਰਿਆਂ ਵਿਚੋਂ ਤੀਜਾ ਪਿਆਰਾ ਭਾਈ ਹਿੰਮਤ ਸਿੰਘ ਦੇ ਜਨਮਸਥਾਨ ਪਿੰਡ ਸੰਗਤਪੁਰਾ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਪਿੰਡ ਵਾਸੀ ਖਾਲਸਾਈ ਰੰਗ ਵਿਚ ਰੰਗੇ ਦਿਖਾਈ ਦਿੱਤੇ। ਉਨ੍ਹਾਂ ਦੇ ਜਨਮ ਦਿਹਾੜੇ ਨੂੰ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਅਖੰਡਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਅਤੇ ਪਿੰਡ ਅੰਦਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਕੀਤਾ ਗਿਆ। ਨਗਰ ਕੀਰਤਨ ਦੌਰਾਨ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਨੇ ਭਾਈ ਹਿੰਮਤ ਸਿੰਘ ਦੇ ਜੀਵਨ ਪ੍ਰਤੀ ਇਤਿਹਾਸ ਨਾਲ ਸਬੰਧਤ ਗਾਥਾਵਾਂ ਅਤੇ ਘਟਨਾਵਾਂ ਦਾ ਵਰਨਣ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਦਰਸ਼ਨ ਸਿੰਘ ਨੇ ਦੱਸਿਆ, ਕਿ ਪਿੰਡ ਦੇ ਬਜ਼ੁਰਗਾਂ ਅਨੁਸਾਰ ਅੱਜ ਤੋਂ 364 ਸਾਲ ਪਹਿਲਾਂ ਭਾਈ ਹਿੰਮਤ ਸਿੰਘ ਜੀ ਨੇ ਜੋਤੀ ਰਾਮ (ਮਹਿਰੇ) ਦੇ ਘਰ 5 ਮਾਘ 1718 ਸੰਮਤ ਨੂੰ ਮਾਤਾ ਰਾਮੋਂ ਜੀ ਦੀ ਕੁੱਖ ਤੋਂ ਜਨਮ ਲਿਆ। ਬਾਅਦ ਵਿਚ ਵਿਚ ਉਹ ਗੁਰੂ ਜੀ ਦੀ ਸ਼ਰਨ ਵਿੱਚ ਚਲੇ ਗਏ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਪਰ ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਸਾਹਿਬ ਦੀ ਪਹਿਲੀ ਫੌਜ ਦੇ ਸਿਪਾਹੀ ਬਣ ਗਏ। ਅਖੀਰ ਵਿਚ ਜ਼ੁਲਮ ਦੇ ਖਿਲਾਫ਼ ਲੜਦੇ ਹੋਏ 8 ਪੋਹ ਨੂੰ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਦੀ ਸ਼ਹੀਦੀ ਤੋਂ ਕੁੱਝ ਸਮਾਂ ਬਾਅਦ ਪਿੰਡ ਵਾਸੀ ਰਲਕੇ ਪਹਿਲਾਂ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਨੂੰ ਮਨਾਉਂਦੇ ਆ ਰਹੇ ਸਨ ਪਰ ਸ਼੍ਰੋਮਣੀ ਕਮੇਟੀ ਦੀ ਰਾਇ ਅਨੁਸਾਰ ਪਿਛਲੇ ਕਰੀਬ 60 ਸਾਲਾਂ ਤੋਂ ਉਨ੍ਹਾਂ ਦਾ 5 ਮਾਘ ਨੂੰ ਜਨਮਦਿਨ ਮਨਾਉਂਦੇ ਆ ਰਹੇ ਹਨ।ਇਨ੍ਹਾਂ ਦਿਨਾਂ ਦੌਰਾਨ ਸਮੁੱਚੇ ਪਿੰਡ ਵਾਸੀ ਬਿਨਾਂ ਕਿਸੇ ਜਾਤਪਾਤ ਤੋਂ ਇੱਕ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ।