ਪਟਾਕਾ ਗੋਦਾਮ ’ਚ ਧਮਾਕੇ ਮਗਰੋਂ ਲੱਗੀ ਅੱਗ, ਸੰਚਾਲਕ ਖ਼ਿਲਾਫ਼ ਕੇਸ ਦਰਜ ਪਟਾਕਾ ਗੋਦਾਮ ’ਚ ਧਮਾਕੇ ਮਗਰੋਂ ਭਿਆਨਕ ਅੱਗ, ਸੰਚਾਲਕ ਖ਼ਿਲਾਫ਼ ਕੇਸ ਦਰਜ
Publish Date: Thu, 09 Jul 2026 04:27 PM (IST)
Updated Date: Fri, 10 Jul 2026 04:00 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੀ ਸਥਾਨਕ ਸਬਜ਼ੀ ਮੰਡੀ ਨੇੜੇ ਸਥਿਤ ਇੱਕ ਪਟਾਕਾ ਗੋਦਾਮ ’ਚ ਬੁੱਧਵਾਰ ਦੇਰ ਸ਼ਾਮ ਜ਼ੋਰਦਾਰ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਧਮਾਕਾ ਇੰਨਾ ਜਬਰਦਸਤ ਸੀ ਕਿ ਗੋਦਾਮ ਦੀ ਛੱਤ ਤੱਕ ਢਹਿ ਗਈ ਅਤੇ ਕੁਝ ਹੀ ਪਲਾਂ ’ਚ ਪੂਰਾ ਗੋਦਾਮ ਅੱਗ ਦੀਆਂ ਲਪਟਾਂ ’ਚ ਘਿਰ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਰਾਹਤ ਵਾਲੀ ਗੱਲ ਇਹ ਰਹੀ ਕਿ ਘਟਨਾ ਸਮੇਂ ਗੋਦਾਮ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਮੌਜੂਦ ਮਮਤਾ ਰਾਣੀ, ਹਰਪਾਲ ਸਿੰਘ ਸੋਨੂ ਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਗੋਦਾਮ ਦੇ ਨਾਲ ਹੀ ਨਗਰ ਕੌਂਸਲ ਦਾ ਕੂੜਾ ਡੰਪ ਤੇ ਵਾਹਨਾਂ ਦੀ ਪਾਰਕਿੰਗ ਹੈ। ਉਨ੍ਹਾਂ ਅਨੁਸਾਰ ਬੁੱਧਵਾਰ ਰਾਤ ਨਗਰ ਕੌਂਸਲ ਦੇ ਕਰਮਚਾਰੀ ਇੱਕ ਕੈਂਟਰ ਬਾਹਰ ਕੱਢ ਰਹੇ ਸਨ, ਜੋ ਗੇਟ ਨਾਲ ਟਕਰਾ ਗਿਆ। ਇਸ ਕਾਰਨ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਹੋਈ ਤੇ ਅੱਗ ਲੱਗ ਗਈ। ਅੱਗ ਕਾਰਨ ਗੋਦਾਮ ਦੀ ਛੱਤ ਵੀ ਢਹਿ ਗਈ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਵੇਲੇ ਗੋਦਾਮ ’ਚ ਵੱਡੀ ਮਾਤਰਾ ’ਚ ਪਟਾਕੇ ਜਾਂ ਵਿਸਫੋਟਕ ਸਮੱਗਰੀ ਮੌਜੂਦ ਨਹੀਂ ਸੀ ਤੇ ਇੱਥੇ ਸਿਰਫ਼ ਦੀਵਾਲੀ ਦੇ ਮੌਕੇ ’ਤੇ ਹੀ ਪਟਾਕਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਦੁਕਾਨ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉੱਧਰ, ਡੀਐੱਸਪੀ (ਆਰ) ਦਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗੋਦਾਮ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੁਕਾਨ ਦਾ ਲਾਇਸੈਂਸ ਵਿਨੋਦ ਕੁਮਾਰ ਪੁੱਤਰ ਆਤਮਾ ਰਾਮ ਵਾਸੀ ਸੁਨਾਮੀ ਗੇਟ, ਸੰਗਰੂਰ ਦੇ ਨਾਮ ’ਤੇ ਜਾਰੀ ਸੀ, ਜਿਨ੍ਹਾਂ ਦੀ ਕਰੀਬ 22 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਸਮੇਂ ਦੁਕਾਨ ਦਾ ਸੰਚਾਲਨ ਉਨ੍ਹਾਂ ਦਾ ਪੁੱਤਰ ਵਿਕਾਸ ਕੁਮਾਰ ਕਰ ਰਿਹਾ ਸੀ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਅੱਗ ਅਤੇ ਧਮਾਕਿਆਂ ਦਾ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੰਬੰਧਿਤ ਲਾਇਸੈਂਸ ਕਾਫ਼ੀ ਸਮਾਂ ਪਹਿਲਾਂ ਹੀ ਸਮਾਪਤ ਹੋ ਚੁੱਕਾ ਸੀ, ਇਸ ਦੇ ਬਾਵਜੂਦ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਬਿਨਾਂ ਮਾਨਤਾ ਲਾਇਸੈਂਸ ਦੇ ਪਟਾਕਿਆਂ ਦਾ ਨਿਰਮਾਣ ਅਤੇ ਭੰਡਾਰਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਇੰਡੀਅਨ ਐਕਸਪਲੋਸਿਵ ਐਕਟ ਦੀ ਧਾਰਾ 9-ਬੀ ਅਤੇ ਬੀਐੱਨਐੱਸ ਦੀ ਧਾਰਾ 288 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਨਮੂਨੇ ਇਕੱਠੇ ਕਰ ਲਏ ਹਨ ਅਤੇ ਰਿਪੋਰਟ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।