- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਸਰਕਾਰ ਨੇ ਪਿੰਡ ਨਿਜ਼ਾਮਪੁਰ ਵਾਸੀਆ ਨੂੰ ਸੌਂਪੀ ਉਨ੍ਹਾਂ ਦੇ ਘਰਾਂ ਦੀ ਅਸਲ ਚਾਬੀ: ਹਡਾਣਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਿੰਡ ਨਿਜ਼ਾਮਪੁਰ ਵਿਖੇ ਪਹੁੰਚ ਕੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਘਰਾਂ ਦੇ ਮਾਲਕੀ ਹੱਕ ਵਾਲੇ ਪ੍ਰਾਪਰਟੀ ਕਾਰਡ ਵੰਡੇ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਸ ਲੋਕ-ਪੱਖੀ ਮੁਹਿੰਮ ਰਾਹੀਂ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਵੱਸਦੇ ਪਰਿਵਾਰਾਂ ਨੂੰ ਦਹਾਕਿਆਂ ਬਾਅਦ ਆਪਣੇ ਘਰਾਂ ਦੇ ਪੱਕੇ ਕਾਨੂੰਨੀ ਦਸਤਾਵੇਜ਼ ਸੌਂਪੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐੱਮ. ਦੁਧਨਸਾਧਾਂ ਹਰਜੋਤ ਕੌਰ, ਨਾਇਬ ਤਹਿਸੀਲਦਾਰ ਅਸ਼ਵਨੀ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਕੱਠ ਵਿੱਚ ਬੋਲਦਿਆਂ ਹਡਾਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲਾਲ ਲਕੀਰ ਅੰਦਰ ਵੱਸਦੇ ਪਰਿਵਾਰਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ, ਜਦਕਿ ਉਨ੍ਹਾਂ ਦੇ ਘਰਾਂ ਦਾ ਕੋਈ ਸਰਕਾਰੀ ਰਿਕਾਰਡ ਨਾ ਹੋਣ ਕਾਰਨ ਪੀਡ਼੍ਹੀਆਂ ਤੋਂ ਲੋਕ ਆਪਸੀ ਝਗਡ਼ਿਆਂ ਅਤੇ ਕਾਨੂੰਨੀ ਉਲਝਣਾਂ ਵਿੱਚ ਫਸੇ ਰਹੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੁਣ ਇਹ ਤਸਵੀਰ ਬਦਲ ਚੁੱਕੀ ਹੈ। ਇਨ੍ਹਾਂ ਕਾਰਡਾਂ ਰਾਹੀਂ ਹਰ ਪਰਿਵਾਰ ਨੂੰ ਆਪਣੀ ਜ਼ਮੀਨ ਦੀ ਪੱਕੀ ਮਲਕੀਅਤ ਮਿਲ ਗਈ ਹੈ, ਜਿਸ ਨਾਲ ਹੁਣ ਬੈਂਕਾਂ ਤੋਂ ਕਰਜ਼ਾ ਲੈਣਾ ਅਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਣਾ ਬੇਹੱਦ ਆਸਾਨ ਹੋ ਜਾਵੇਗਾ। ਪਿੰਡ ਨਿਜ਼ਾਮਪੁਰ ਦੀ ਪੰਚਾਇਤ ਅਤੇ ਲਾਭਪਾਤਰੀ ਪਰਿਵਾਰਾਂ ਨੇ ਇਸ ਕਦਮ ਨੂੰ ਇਤਿਹਾਸਕ ਦੱਸਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਦੇਵੀਗਡ਼੍ਹ, ਚੇਅਰਮੈਨ ਜਗਪ੍ਰੀਤ ਰਹਿਲ, ਸਰਪੰਚ ਗੁਰਜੀਤ ਸਿੰਘ ਨਿਜਾਮਪੁਰ, ਸਰਪੰਚ ਰਾਜਾ ਧੰਜੂ, ਪਾਰਟੀ ਦੇ ਆਗੂ, ਬਲਾਕ ਪ੍ਰਧਾਨ, ਬਲਾਕ ਅਹੁਦੇਦਾਰ ਅਤੇ ਸਥਾਨਕ ਪਿੰਡ ਵਾਸੀ ਮੌਜੂਦ ਸਨ।