ਮੀਂਹ ਦੇ ਪਾਣੀ ’ਚ ਨੱਕੋ ਨੱਕ ਭਰਿਆ ਮਾਲੇਰਕੋਟਲਾ ਮੀਂਹ ਦੇ ਪਾਣੀ 'ਚ ਨੱਕੋ ਨੱਕ ਭਰਿਆ ਮਾਲੇਰਕੋਟਲਾ
Publish Date: Fri, 31 Jul 2026 04:17 PM (IST)
Updated Date: Sat, 01 Aug 2026 04:01 AM (IST)
ਗੰਦਗੀ ਫੈਲਣ ਨਾਲ ਬਿਮਾਰੀਆਂ ਦਾ ਬਣਿਆ ਖ਼ਤਰਾ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸ਼ਹਿਰ ’ਚ ਬੀਤੇ ਦਿਨੀਂ ਹੋਈ ਹਲਕੀ ਬਾਰਿਸ਼ ਨੇ ਹੀ ਨਗਰ ਕੌਂਸਲ ਤੇ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀਆਂ ਕਮੀਆਂ ਨੂੰ ਉਜਾਗਰ ਕਰ ਦਿੱਤਾ। ਮੀਂਹ ਤੋਂ ਬਾਅਦ ਸ਼ਹਿਰ ਦੇ ਕਈ ਗਲੀ-ਮੁਹੱਲੇ ਤੇ ਬਾਜ਼ਾਰ ਪਾਣੀ ਨਾਲ ਨੱਕੋ-ਨੱਕ ਭਰ ਗਏ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਵਾਰ ਬਰਸਾਤ ਦੌਰਾਨ ਇਹੀ ਸਥਿਤੀ ਬਣ ਜਾਂਦੀ ਹੈ। ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਤੇ ਸੜਕਾਂ ਤਲਾਬ ਦਾ ਰੂਪ ਧਾਰ ਲੈਂਦੀਆਂ ਹਨ, ਜਦਕਿ ਕਈ ਇਲਾਕਿਆਂ ’ਚ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਬਰਕਰਾਰ ਹੈ, ਪਰ ਇਸ ਦੇ ਪੱਕੇ ਹੱਲ ਲਈ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ। ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਨਾਲੀਆਂ ਤੇ ਸੀਵਰੇਜ ਦੀ ਸਫ਼ਾਈ ਨਾ ਹੋਣ ਨਾਲ ਹਾਲਾਤ ਹੋਰ ਵੀ ਗੰਭੀਰ ਬਣ ਗਏ ਹਨ। ਨਾਲੀਆਂ ’ਚ ਪਲਾਸਟਿਕ ਦੇ ਲਿਫ਼ਾਫੇ ਤੇ ਹੋਰ ਕੂੜਾ ਫਸਣ ਕਾਰਨ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ, ਜਿਸ ਨਾਲ ਮੀਂਹ ਦਾ ਪਾਣੀ ਗਲੀਆਂ ਤੇ ਰਿਹਾਇਸ਼ੀ ਇਲਾਕਿਆਂ ’ਚ ਖੜ੍ਹਾ ਰਹਿੰਦਾ ਹੈ। ਬਾਜ਼ਾਰਾਂ ’ਚ ਕਈ ਥਾਵਾਂ ’ਤੇ ਗੱਡਿਆਂ ਤੱਕ ਪਾਣੀ ਭਰ ਜਾਣ ਕਾਰਨ ਸਕੂਲੀ ਬੱਚਿਆਂ, ਦੁਕਾਨਦਾਰਾਂ, ਰਾਹਗੀਰਾਂ ਤੇ ਰੋਜ਼ਾਨਾ ਕੰਮ-ਕਾਜ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਫ਼ਾਈ ਪ੍ਰਬੰਧ ਠੱਪ ਹੋਣ ਤੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਨਿਕਾਸੀ ਪ੍ਰਬੰਧਾਂ ਨੂੰ ਦਰੁਸਤ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਰਹਿਮਾਨ ਖਾਨ, ਮਹਿਲਾ ਆਗੂ ਜਗਸੀਰ ਕੌਰ ਭੱਟੀ, ਸੁਲੇਮਾਨ, ਸਾਬਕਾ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਕੈਪਟਨ ਬਲਦੇਵ ਸਿੰਘ ਅਤੇ ਹੋਰ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੱਕਾ ਅਤੇ ਦੂਰਅੰਦੇਸ਼ੀ ਹੱਲ ਕੀਤਾ ਜਾਵੇ। ਇਸ ਦੇ ਨਾਲ ਹੀ ਸਫਾਈ ਪ੍ਰਬੰਧਾਂ ਨੂੰ ਤੁਰੰਤ ਸੁਚਾਰੂ ਬਣਾਕੇ ਲੋਕਾਂ ਨੂੰ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਤੋਂ ਰਾਹਤ ਦਿੱਤੀ ਜਾਵੇ। ਦੂਜੇ ਪਾਸੇ ਡੀਸੀ ਵਿਰਾਜ ਐਸ ਤਿੜਕੇ ਨੇ ਸ਼ਹਿਰ ਅੰਦਰ ਫੈਲ ਰਹੀ ਗੰਦਗੀ, ਅਤੇ ਗੰਦੇ ਪਾਣੀ ਦੀ ਸਾਫ ਸਫਾਈ ਦੇ ਮੱਦੇ ਨਜ਼ਰ ਵੱਖ ਵਿਭਾਗਾ ਦੇ ਅਧਿਕਾਰੀਆਂ ਤੇ ਕਰਮਚਾਰੀ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਫ਼ਾਈ ਨੂੰ ਸਰਵਉੱਚ ਤਰਜੀਹ ਦੇਣ ਲਈ ਕਿਹਾ ਗਿਆ ਹੈ, ਤਾਂ ਜੋ ਪਬਲਿਕ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।