- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲੇਰਕੋਟਲਾ ਨੇ ਐੱਸਆਈਆਰ-2026 ਦੇ ਘਰ-ਘਰ ਸਰਵੇ ’ਚ ਮਾਰੀ ਬਾਜ਼ੀ

94.23 ਫੀਸਦੀ ਵੋਟਰਾਂ ਦੀ ਤਸਦੀਕ ਮੁਕੰਮਲ
406 ਪੋਲਿੰਗ ਸਟੇਸ਼ਨਾਂ 'ਤੇ 16 ਅਗਸਤ ਨੂੰ ਲੱਗਣਗੇ ਵਿਸ਼ੇਸ਼ ਕੈਂਪ
ਸਟਾਫ ਰਿਪੋਰਟਰ/ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ
ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ.-2026) ਮੁਹਿੰਮ ਤਹਿਤ ਘਰ-ਘਰ ਗਣਨਾ ਪੜਾਅ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਪੰਜਾਬ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹੇ ਦੇ 94.23 ਫੀਸਦੀ ਵੋਟਰਾਂ ਦੇ ਗਣਨਾ ਫਾਰਮ ਇਕੱਤਰ ਕਰਕੇ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ, ਜੋ ਚੋਣ ਅਮਲੇ ਦੀ ਸੁਚੱਜੀ ਕਾਰਗੁਜ਼ਾਰੀ ਅਤੇ ਲੋਕਾਂ ਦੇ ਭਰਪੂਰ ਸਹਿਯੋਗ ਦੀ ਮਿਸਾਲ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਤਿੜਕੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 400 ਪੋਲਿੰਗ ਬੂਥਾਂ ਅਧੀਨ ਦਰਜ 3,25,433 ਵੋਟਰਾਂ ਵਿੱਚੋਂ 3,06,653 ਵੋਟਰਾਂ ਦੇ ਗਣਨਾ ਫਾਰਮ ਸਫਲਤਾਪੂਰਵਕ ਇਕੱਤਰ ਕਰਕੇ ਡਿਜੀਟਾਈਜ਼ ਕੀਤੇ ਗਏ ਹਨ। ਇਸ ਪ੍ਰਾਪਤੀ ਨਾਲ ਮਾਲੇਰਕੋਟਲਾ ਨੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿੱਚ 1,60,198 ਵੋਟਰਾਂ ਵਿੱਚੋਂ 1,51,994 (94.88 ਫੀਸਦੀ) ਅਤੇ ਹਲਕਾ ਅਮਰਗੜ੍ਹ ਵਿੱਚ 1,65,235 ਵੋਟਰਾਂ ਵਿੱਚੋਂ 1,54,659 (93.60 ਫੀਸਦੀ) ਵੋਟਰਾਂ ਦੀ ਤਸਦੀਕ ਮੁਕੰਮਲ ਹੋ ਚੁੱਕੀ ਹੈ। ਡੀੀਸੀ ਨੇ ਇਸ ਸਫਲਤਾ ਦਾ ਸਿਹਰਾ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼), ਸੁਪਰਵਾਈਜ਼ਰਾਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ, ਮੀਡੀਆ ਅਤੇ ਜ਼ਿਲ੍ਹਾ ਵਾਸੀਆਂ ਦੇ ਸਾਂਝੇ ਯਤਨਾਂ ਨੂੰ ਦਿੱਤਾ।
ਉਨ੍ਹਾਂ ਦੱਸਿਆ ਕਿ ਕੁੱਲ 18,780 ਫਾਰਮ (5.77 ਫੀਸਦੀ) ਅਜਿਹੇ ਸਾਹਮਣੇ ਆਏ ਹਨ, ਜੋ ਮ੍ਰਿਤਕ, ਸਥਾਈ ਤੌਰ 'ਤੇ ਤਬਦੀਲ ਹੋਏ, ਡੁਪਲੀਕੇਟ, ਪਹਿਲਾਂ ਤੋਂ ਦਰਜ ਜਾਂ ਗੈਰਹਾਜ਼ਰ ਵੋਟਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ 9,614 ਮ੍ਰਿਤਕ, 5,250 ਸਥਾਈ ਤੌਰ 'ਤੇ ਤਬਦੀਲ ਹੋਏ, 1,116 ਪਹਿਲਾਂ ਤੋਂ ਦਰਜ, 2,755 ਗੈਰਹਾਜ਼ਰ ਅਤੇ 45 ਹੋਰ ਸ਼੍ਰੇਣੀ ਦੇ ਕੇਸ ਸ਼ਾਮਲ ਹਨ। ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 400 ਤੋਂ ਵਧਾ ਕੇ 406 ਕਰ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਨਜ਼ਦੀਕੀ ਕੇਂਦਰ 'ਤੇ ਵੋਟ ਪਾਉਣ ਵਿੱਚ ਹੋਰ ਸੁਵਿਧਾ ਮਿਲੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 13 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਚੈੱਕ ਕਰਨ। ਜੇਕਰ ਕਿਸੇ ਯੋਗ ਨਾਗਰਿਕ ਦਾ ਨਾਮ ਰਹਿ ਗਿਆ ਹੋਵੇ ਜਾਂ ਕਿਸੇ ਤਰ੍ਹਾਂ ਦੀ ਸੋਧ ਦੀ ਲੋੜ ਹੋਵੇ ਤਾਂ 13 ਅਗਸਤ ਤੋਂ 12 ਸਤੰਬਰ ਤੱਕ ਫਾਰਮ ਨੰਬਰ-6 ਰਾਹੀਂ ਸਬੰਧਤ ਦਾਅਵੇ ਅਤੇ ਇਤਰਾਜ਼ ਆਨਲਾਈਨ ਜਾਂ ਆਪਣੇ ਬੀਐੱਲਓ ਰਾਹੀਂ ਦਾਖਲ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ 16 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ 406 ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ।