ਸਨੌਰ 'ਚ ਵੱਡੀ ਸਿਆਸੀ ਹਲਚਲ, ਕੌਂਸਲ ਪ੍ਰਧਾਨ ਜੋਸ਼ਨ ਦੇ ਦਲ ਬਦਲਣ ਮਗਰੋਂ ਛਿੜੀ ਚਰਚਾ; ਭਾਜਪਾ 'ਚ ਸ਼ਾਮਲ ਹੋਣ ਵਾਲਾ ਅਗਲਾ ਕੌਣ? ਵਿਧਾਨ ਸਭਾ ਹਲਕਾ ਸਨੌਰ ਦੀ ਰਾਜਨੀਤੀ ਵਿਚ ਅਚਾਨਕ ਵੱਡੀ ਹਲਚਲ ਪੈਦਾ ਹੋ ਗਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਨੇ ‘ਆਪ’ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਪ੍ਰਧਾਨ ਦੇ ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਛਿੜ ਗਈ ਹੈ ਕਿ ‘ਹੁਣ ਪ੍ਰਧਾਨ ਤੋਂ ਬਾਅਦ ਕਿਸਦੀ ਵਾਰੀ?’ ਹਲਕੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਕਾਰਨ ਹੁਣ ਕਈ ਹੋਰ ਪ੍ਰਮੁੱਖ ਸਿਆਸੀ ਚਿਹਰਿਆਂ ਦੇ ਵੀ ਇੱਧਰ-ਓਧਰ ਜਾਣ ਦੀਆਂ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ।
Publish Date: Wed, 16 Sep 2026 11:54 AM (IST)
Updated Date: Wed, 16 Sep 2026 11:56 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਵਿਧਾਨ ਸਭਾ ਹਲਕਾ ਸਨੌਰ ਦੀ ਰਾਜਨੀਤੀ ਵਿਚ ਅਚਾਨਕ ਵੱਡੀ ਹਲਚਲ ਪੈਦਾ ਹੋ ਗਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਨੇ ‘ਆਪ’ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਪ੍ਰਧਾਨ ਦੇ ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਛਿੜ ਗਈ ਹੈ ਕਿ ‘ਹੁਣ ਪ੍ਰਧਾਨ ਤੋਂ ਬਾਅਦ ਕਿਸਦੀ ਵਾਰੀ?’ ਹਲਕੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਕਾਰਨ ਹੁਣ ਕਈ ਹੋਰ ਪ੍ਰਮੁੱਖ ਸਿਆਸੀ ਚਿਹਰਿਆਂ ਦੇ ਵੀ ਇੱਧਰ-ਓਧਰ ਜਾਣ ਦੀਆਂ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਕਰੀਬ 13 ਸਾਲ ਪਹਿਲਾਂ ਅੰਨਾ ਹਜ਼ਾਰੇ ਦੇ ਸੰਘਰਸ਼ ਦੇ ਦੌਰ ਵਿੱਚ ਆਮ ਆਦਮੀ ਪਾਰਟੀ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਪ੍ਰਦੀਪ ਜੋਸ਼ਨ ਨੇ ਪਾਰਟੀ ਛੱਡਣ ਮੌਕੇ ‘ਆਪ’ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਮੂਲ ਮਕਸਦ ਅਤੇ ਆਦਰਸ਼ਾਂ ਤੋਂ ਬੁਰੀ ਤਰ੍ਹਾਂ ਭਟਕ ਚੁੱਕੀ ਹੈ। ਸੰਘਰਸ਼ ਦੇ ਦਿਨਾਂ ਦੌਰਾਨ ਦੇਸ਼ ਅਤੇ ਸੂਬੇ ਦੇ ਲੋਕਾਂ ਨੂੰ ਪਾਰਟੀ ਤੋਂ ਵੱਡੀਆਂ ਉਮੀਦਾਂ ਬੱਝੀਆਂ ਸਨ, ਪਰ ਸਾਲ 2022 ਵਿੱਚ ਪੰਜਾਬ ਅੰਦਰ ਸਰਕਾਰ ਬਣਨ ਤੋਂ ਬਾਅਦ ‘ਆਪ’ ਲੋਕਾਂ ਦੀਆਂ ਉਮੀਦਾਂ ’ਤੇ ਬਿਲਕੁਲ ਵੀ ਖ਼ਰੀ ਨਹੀਂ ਉਤਰੀ।
ਰਾਜਨੀਤੀ ਵਿੱਚ ਹਰ ਤਰ੍ਹਾਂ ਦੀ ਸੰਭਾਵਨਾ : ਜੋਸਨ ਜੋਸ਼ਨ ਨੇ ‘ਆਪ’ ਲੀਡਰਸ਼ਿਪ ਤੋਂ ਬਾਗ਼ੀ ਹੋ ਚੁੱਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੌਂਸਲ ਪ੍ਰਧਾਨ ਬਣਾਉਣ ਵਿੱਚ ਹਲਕਾ ਵਿਧਾਇਕ ਦੀ ਹੀ ਅਹਿਮ ਭੂਮਿਕਾ ਰਹੀ ਸੀ। ਜੋਸ਼ਨ ਨੇ ਖ਼ੁਲਾਸਾ ਕੀਤਾ ਕਿ ਉਹ ਤਾਂ ਪਾਰਟੀ ਦੀਆਂ ਨੀਤੀਆਂ ਅਤੇ ਮਾੜੇ ਰਵੱਈਏ ਤੋਂ ਅੱਕ ਕੇ ਪਹਿਲਾਂ ਹੀ ਇੱਕ ਪਾਸੇ ਹੋ ਗਏ ਸਨ। ਜਦੋਂ ਉਨ੍ਹਾਂ ਤੋਂ ਹੋਰ ਕੌਂਸਲਰਾਂ ਅਤੇ ਪਾਰਟੀ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਰਾਜਨੀਤੀ ਵਿੱਚ ਹਰ ਤਰ੍ਹਾਂ ਦੀ ਸੰਭਾਵਨਾ ਮੌਜੂਦ ਰਹਿੰਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਆਗੂ ਵੀ ਵੱਡੇ ਫ਼ੈਸਲੇ ਲੈ ਸਕਦੇ ਹਨ।
ਵਿਧਾਇਕ ਪਠਾਣਮਾਜਰਾ ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਆਮ ਆਦਮੀ ਪਾਰਟੀ ਅੰਦਰ ਬਗਾਵਤ ਦਾ ਝੰਡਾ ਚੁੱਕਣ ਤੋਂ ਬਾਅਦ ਪੁਲਿਸ ਕੇਸਾਂ ਅਤੇ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਵੀ ਭਾਜਪਾ ਵਿੱਚ ਜਾਣ ਦੀਆਂ ਅਫ਼ਵਾਹਾਂ ਪੂਰੇ ਜ਼ੋਰਾਂ ’ਤੇ ਹਨ। ਹਾਲਾਂਕਿ, ਵਿਧਾਇਕ ਪਠਾਣਮਾਜਰਾ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟੀਕਰਨ ਦਿੰਦਿਆਂ ਫਿਲਹਾਲ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਨੂੰ ਨਕਾਰਿਆ ਹੈ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੌਂਸਲ ਪ੍ਰਧਾਨ ਦੇ ਦਲ-ਬਦਲਣ ਮਗਰੋਂ ਹਲਕੇ ਦੀ ਸਿਆਸਤ ਵਿੱਚ ਨਵਾਂ ਧਰੁਵੀਕਰਨ ਹੋਣਾ ਤੈਅ ਹੈ।