ਪੁਲਿਸ ਨੱਕ ਹੇਠ ਵੱਡੀ ਵਾਰਦਾਤ: ਕਿਰਾਏਦਾਰ ਬਣ ਕੇ ਆਏ ਸ਼ਾਤਰ ਲੁਟੇਰਿਆਂ ਨੇ ਘਰ 'ਚ ਇਕੱਲੀ ਬਜ਼ੁਰਗ ਔਰਤ ਨੂੰ ਲੁੱਟਿਆ ਥਾਣਾ ਕੋਤਵਾਲੀ ਪਟਿਆਲਾ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸ਼ਹਿਰ ਦੇ ਇਕ ਭੀੜ-ਭੜੱਕੇ ਵਾਲੇ ਮੁਹੱਲੇ ’ਚ ਇਕ 75 ਸਾਲਾ ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਗਹਿਣੇ ਲੁੱਟ ਲਏ ਗਏ। ਮੁਲਜ਼ਮ ਕਿਰਾਏ ’ਤੇ ਕਮਰਾ ਲੈਣ ਦੇ ਬਹਾਨੇ ਘਰ ਵਿਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਪੰਜ ਮਿੰਟ ਗੱਲਬਾਤ ਦੌਰਾਨ ਮੌਕਾ ਦੇਖਦਿਆਂ ਹੀ ਉਨ੍ਹਾਂ ਬਜ਼ੁਰਗ ਔਰਤ ਨੂੰ ਬੰਧਕ ਬਣਾ ਲਿਆ। ਇਹ ਵਾਰਦਾਤ 17 ਅਗਸਤ ਨੂੰ ਸ਼ਾਮ ਚਾਰ ਵਜੇ ਤੋਂ ਬਾਅਦ ਵਾਪਰੀ, ਜਿਸ ਮਗਰੋਂ ਇਲਾਕੇ ’ਚੋਂ ਫ਼ਰਾਰ ਹੁੰਦੇ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਵੀ ਇੰਟਰਨੈੱਟ ’ਤੇ ਵਾਇਰਲ ਹੋ ਗਈ। ਲੁੱਟ ਦਾ ਸ਼ਿਕਾਰ ਹੋਈ ਔਰਤ ਚੰਪਾ ਖੰਨਾ (75), ਵਾਸੀ ਨੌਧਾ ਮਿਸ਼ਰ ਗਲੀ, ਨੇੜੇ ਕਿਲਾ ਚੌਕ
Publish Date: Wed, 19 Aug 2026 12:00 PM (IST)
Updated Date: Wed, 19 Aug 2026 12:04 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਕੋਤਵਾਲੀ ਪਟਿਆਲਾ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸ਼ਹਿਰ ਦੇ ਇਕ ਭੀੜ-ਭੜੱਕੇ ਵਾਲੇ ਮੁਹੱਲੇ ’ਚ ਇਕ 75 ਸਾਲਾ ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਗਹਿਣੇ ਲੁੱਟ ਲਏ ਗਏ। ਮੁਲਜ਼ਮ ਕਿਰਾਏ ’ਤੇ ਕਮਰਾ ਲੈਣ ਦੇ ਬਹਾਨੇ ਘਰ ਵਿਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਪੰਜ ਮਿੰਟ ਗੱਲਬਾਤ ਦੌਰਾਨ ਮੌਕਾ ਦੇਖਦਿਆਂ ਹੀ ਉਨ੍ਹਾਂ ਬਜ਼ੁਰਗ ਔਰਤ ਨੂੰ ਬੰਧਕ ਬਣਾ ਲਿਆ। ਇਹ ਵਾਰਦਾਤ 17 ਅਗਸਤ ਨੂੰ ਸ਼ਾਮ ਚਾਰ ਵਜੇ ਤੋਂ ਬਾਅਦ ਵਾਪਰੀ, ਜਿਸ ਮਗਰੋਂ ਇਲਾਕੇ ’ਚੋਂ ਫ਼ਰਾਰ ਹੁੰਦੇ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਵੀ ਇੰਟਰਨੈੱਟ ’ਤੇ ਵਾਇਰਲ ਹੋ ਗਈ। ਲੁੱਟ ਦਾ ਸ਼ਿਕਾਰ ਹੋਈ ਔਰਤ ਚੰਪਾ ਖੰਨਾ (75), ਵਾਸੀ ਨੌਧਾ ਮਿਸ਼ਰ ਗਲੀ, ਨੇੜੇ ਕਿਲਾ ਚੌਕ ਨੇ ਲੁੱਟ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਥਾਣਾ ਕੋਤਵਾਲੀ ਦੇ ਮੁਖੀ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਸੂਚਨਾ ਮਿਲ ਚੁੱਕੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਤੀ ਦੀ ਮੌਤ ਤੋਂ ਬਾਅਦ ਇਕੱਲੀ ਰਹਿੰਦੀ ਸੀ ਪੀੜਤ ਔਰਤ ਚੰਪਾ ਖੰਨਾ ਅਨੁਸਾਰ ਉਨ੍ਹਾਂ ਦੀ ਕੋਤਵਾਲੀ ਥਾਣੇ ਨੇੜੇ ਦੁਕਾਨ ਸੀ। ਕੁਝ ਸਮਾਂ ਪਹਿਲਾਂ ਪਤੀ ਦੀ ਮੌਤ ਹੋਣ ਕਾਰਨ ਉਹ ਘਰ ’ਚ ਇਕੱਲੀ ਰਹਿੰਦੀ ਸੀ। ਬੇਟਾ ਦਿੱਲੀ ਰਹਿੰਦਾ ਹੈ, ਜਦਕਿ ਮਕਾਨ ਦੇ ਉੱਪਰਲੇ ਹਿੱਸੇ ’ਚ ਇਕ ਬੰਗਾਲੀ ਕਾਰੀਗਰ ਰਹਿੰਦਾ ਹੈ ਜੋ ਘਟਨਾ ਵਾਲੇ ਦਿਨ ਆਪਣੇ ਕੰਮ ’ਤੇ ਗਿਆ ਹੋਇਆ ਸੀ। ਬੇਟੇ ਦੇ ਕਹਿਣ ’ਤੇ ਉਨ੍ਹਾਂ ਮਕਾਨ ਦੇ ਹੋਰ ਕਮਰੇ ਕਿਰਾਏ ’ਤੇ ਦੇਣ ਦਾ ਮਨ ਬਣਾਇਆ ਸੀ। 17 ਅਗਸਤ ਦੀ ਸ਼ਾਮ ਜਦੋਂ ਉਹ ਘਰ ’ਚ ਇਕੱਲੀ ਸੀ, ਤਾਂ ਦੋ ਵਿਅਕਤੀ ਆਏ। ਲਗਭਗ 35 ਤੋਂ 40 ਸਾਲ ਦੀ ਉਮਰ ਦੇ ਇਨ੍ਹਾਂ ਦੋਵਾਂ ਨੇ ਕਮਰਾ ਕਿਰਾਏ ’ਤੇ ਲੈਣ ਦੀ ਗੱਲ ਕਰਦਿਆਂ ਉਨ੍ਹਾਂ ਨੂੰ ਬੰਧਕ ਬਣਾ ਲਿਆ। ਉਨ੍ਹਾਂ ਦੇ ਹੱਥ-ਪੈਰ ਅਤੇ ਮੂੰਹ ਬੰਨ੍ਹਣ ਤੋਂ ਬਾਅਦ ਕੰਨਾਂ ਦੀਆਂ ਵਾਲੀਆਂ, ਹੱਥਾਂ ਦੀਆਂ ਮੁੰਦਰੀਆਂ ਅਤੇ ਹੋਰ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਘਰੋਂ ਫ਼ਰਾਰ ਹੁੰਦਿਆਂ ਦੀ ਸੀਸੀਟੀਵੀ ਫੁਟੇਜ ਪੁਲਿਸ ਦੇ ਹੱਥ ਲੱਗ ਗਈ ਹੈ। ਔਰਤ ਨੇ ਕਿਸੇ ਤਰ੍ਹਾਂ ਆਪਣੇ ਹੱਥ-ਪੈਰ ਖੋਲ੍ਹ ਕੇ ਇਕ ਜਾਣਕਾਰ ਨੂੰ ਮਦਦ ਲਈ ਬੁਲਾਇਆ, ਪਰ ਸ਼ੁਰੂਆਤ ’ਚ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਸੀ। ਜਾਣਕਾਰ ਵੱਲੋਂ ਘਟਨਾ ਦੀ ਸੀਸੀਟੀਵੀ ਫੁਟੇਜ ਇੰਟਰਨੈੱਟ ’ਤੇ ਵਾਇਰਲ ਕੀਤੇ ਜਾਣ ਤੋਂ ਬਾਅਦ ਮਾਮਲਾ ਪੁਲਿਸ ਥਾਣੇ ਤੱਕ ਪਹੁੰਚਿਆ।
ਸਹਿਮ ਕਾਰਨ ਖ਼ੁਦ ਨੂੰ ਕਮਰੇ ’ਚ ਕੀਤਾ ਬੰਦ ਘਟਨਾ ਤੋਂ ਬਾਅਦ ਬਜ਼ੁਰਗ ਔਰਤ ਇਸ ਕਦਰ ਸਹਿਮ ਗਈ ਕਿ ਉਨ੍ਹਾਂ ਨੇ ਅਗਲੇ ਦਿਨ ਕਿਸੇ ਗੁਆਂਢੀ ਲਈ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਆਵਾਜ਼ ਦੇਣ ’ਤੇ ਉਹ ਜਵਾਬ ਤਾਂ ਦਿੰਦੀ ਹੈ ਪਰ ਕਿਸੇ ਨੂੰ ਵੀ ਘਰ ਦੇ ਅੰਦਰ ਦਾਖ਼ਲ ਨਹੀਂ ਹੋਣ ਦੇ ਰਹੀ। ਇੱਥੋਂ ਤੱਕ ਕਿ ਪੁਲਿਸ ਜਦੋਂ ਬਿਆਨ ਲੈਣ ਪਹੁੰਚੀ ਤਾਂ ਉਨ੍ਹਾਂ ਨੂੰ ਵੀ ਖ਼ਾਲੀ ਹੱਥ ਪਰਤਣਾ ਪਿਆ। ਮੁਹੱਲਾ ਵਾਸੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਵਿਚਕਾਰ ਬਣੇ ਮਕਾਨ ’ਚ ਅਜਿਹੀ ਵਾਰਦਾਤ ਹੋਣ ਕਾਰਨ ਬਜ਼ੁਰਗ ਔਰਤ ਬਹੁਤ ਜ਼ਿਆਦਾ ਘਬਰਾਈ ਹੋਈ ਹੈ। ਉਹ ਵੀ ਹਾਲ-ਚਾਲ ਪੁੱਛਣ ਗਏ ਸਨ ਪਰ ਡਰ ਕਾਰਨ ਉਨ੍ਹਾਂ ਦਰਵਾਜ਼ਾ ਨਹੀਂ ਖੋਲ੍ਹਿਆ।
ਪੁਲਿਸ ਨੂੰ ਸ਼ੋਸਲ ਮੀਡੀਆ ’ਤੇ ਦੇਣਾ ਪਿਆ ਬਿਆਨ ਘਟਨਾ ਤੋਂ ਬਾਅਦ ਵਾਇਰਲ ਹੋਈ ਸੀਸੀਟੀਵੀ ਫੁਟੇਜ ਮਗਰੋਂ ਕੋਤਵਾਲੀ ਪੁਲਿਸ ਨੇ ਪੀੜਤ ਬਜ਼ੁਰਗ ਔਰਤ ਨਾਲ ਸੰਪਰਕ ਕੀਤਾ ਪਰ ਉਹ ਥਾਣੇ ਨਹੀਂ ਪਹੁੰਚੀ। ਪੁਲਿਸ ਟੀਮ ਉਨ੍ਹਾਂ ਦੇ ਘਰ ਗਈ ਤਾਂ ਖ਼ਾਲੀ ਹੱਥ ਪਰਤਣਾ ਪਿਆ, ਜਿਸ ਤੋਂ ਬਾਅਦ ਕੋਤਵਾਲੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਹਾਂਡਾ ਨੇ ਪਟਿਆਲਾ ਪੁਲਿਸ ਦੇ ਫੇਸਬੁੱਕ ਪੇਜ ’ਤੇ ਘਟਨਾ ਸਬੰਧੀ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ।