ਪਟਿਆਲਾ 'ਚ ED ਦੀ ਵੱਡੀ ਕਾਰਵਾਈ: ਪਾਰਕ ਹਸਪਤਾਲ 'ਤੇ ਛਾਪੇਮਾਰੀ ਤੋਂ ਬਾਅਦ ਇਲਾਕੇ 'ਚ ਫੈਲੀ ਸਨਸਨੀ, , ਹਰਿਆਣਾ ਨੰਬਰ ਦੀਆਂ ਗੱਡੀਆਂ ’ਚ ਪੁੱਜੀਆਂ ਟੀਮਾਂ
ਟੀਮਾਂ ਦੇ ਪਹੁੰਚਦੇ ਹੀ ਹਸਪਤਾਲ ਦੇ ਪ੍ਰਬੰਧਕੀ ਵਿੰਗ ਅਤੇ ਦਫ਼ਤਰਾਂ ਅੰਦਰ ਦਸਤਾਵੇਜ਼ਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਜਾਂਚ ਟੀਮ ਵੱਲੋਂ ਰਿਕਾਰਡ, ਵਿੱਤੀ ਲੈਣ-ਦੇਣ ਅਤੇ ਕੰਪਿਊਟਰ ਪ੍ਰਣਾਲੀ ਨਾਲ ਸਬੰਧਤ ਅੰਕੜਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਾਰਵਾਈ ਦੌਰਾਨ ਅੰਦਰ ਆਉਣ-ਜਾਣ ਵਾਲਿਆਂ ’ਤੇ ਵੀ ਕਰੜੀ ਨਜ਼ਰ ਰੱਖੀ ਹੋਈ ਹੈ।
Publish Date: Mon, 12 Oct 2026 11:22 AM (IST)
Updated Date: Mon, 12 Oct 2026 11:27 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਅੰਦਰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਸਤਕ ਨਾਲ ਇਕ ਵਾਰ ਫਿਰ ਵੱਡੀ ਹਲਚਲ ਅਤੇ ਸਨਸਨੀ ਫੈਲ ਗਈ ਹੈ। ਤਾਜ਼ਾ ਘਟਨਾਕ੍ਰਮ ਦੌਰਾਨ ਈਡੀ ਦੀਆਂ ਵਿਸ਼ੇਸ਼ ਟੀਮਾਂ ਨੇ ਪਟਿਆਲਾ ਸਥਿਤ ਨਾਮੀ ‘ਪਾਰਕ ਹਸਪਤਾਲ’ ਵਿਖੇ ਅਚਨਚੇਤ ਛਾਪੇਮਾਰੀ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਏਜੰਸੀ ਦੇ ਅਧਿਕਾਰੀ ਹਰਿਆਣਾ ਨੰਬਰ ਦੀਆਂ ਨਿੱਜੀ ਅਤੇ ਸਰਕਾਰੀ ਗੱਡੀਆਂ ਵਿੱਚ ਸਵਾਰ ਹੋ ਕੇ ਹਸਪਤਾਲ ਕੰਪਲੈਕਸ ਪਹੁੰਚੇ, ਜਿਸ ਕਾਰਨ ਇਲਾਕੇ ’ਚ ਤੁਰੰਤ ਭਾਰੀ ਚਰਚਾ ਛਿੜ ਗਈ।
ਟੀਮਾਂ ਦੇ ਪਹੁੰਚਦੇ ਹੀ ਹਸਪਤਾਲ ਦੇ ਪ੍ਰਬੰਧਕੀ ਵਿੰਗ ਅਤੇ ਦਫ਼ਤਰਾਂ ਅੰਦਰ ਦਸਤਾਵੇਜ਼ਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਜਾਂਚ ਟੀਮ ਵੱਲੋਂ ਰਿਕਾਰਡ, ਵਿੱਤੀ ਲੈਣ-ਦੇਣ ਅਤੇ ਕੰਪਿਊਟਰ ਪ੍ਰਣਾਲੀ ਨਾਲ ਸਬੰਧਤ ਅੰਕੜਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਾਰਵਾਈ ਦੌਰਾਨ ਅੰਦਰ ਆਉਣ-ਜਾਣ ਵਾਲਿਆਂ ’ਤੇ ਵੀ ਕਰੜੀ ਨਜ਼ਰ ਰੱਖੀ ਹੋਈ ਹੈ।
ਪੰਜਾਬ ’ਚ ਕਥਿਤ ਵਿੱਤੀ ਬੇਨਿਯਮੀਆਂ, ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਈਡੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਰਗਰਮ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਵੀ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਵੱਡੇ ਪ੍ਰਾਪਰਟੀ ਕਾਰੋਬਾਰੀਆਂ, ਰੀਅਲ ਅਸਟੇਟ ਫਰਮਾਂ ਅਤੇ ਆਨਲਾਈਨ ਵਪਾਰ ਨਾਲ ਜੁੜੀਆਂ ਕੰਪਨੀਆਂ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਇਸ ਲੜੀ ਤਹਿਤ ਹੁਣ ਸਿਹਤ ਸੇਵਾਵਾਂ ਨਾਲ ਜੁੜੇ ਵੱਡੇ ਹਸਪਤਾਲ 'ਤੇ ਹੋਈ ਇਸ ਕਾਰਵਾਈ ਨੇ ਸ਼ਹਿਰ ਦੇ ਕਾਰੋਬਾਰੀ ਤੇ ਸਿਆਸੀ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ।
ਫਿਲਹਾਲ ਪਾਰਕ ਹਸਪਤਾਲ ਵਿਖੇ ਪਹੁੰਚੀਆਂ ਟੀਮਾਂ ਦੀ ਇਸ ਕਾਰਵਾਈ ਦੇ ਮੁੱਖ ਕਾਰਨਾਂ, ਸ਼ਿਕਾਇਤ ਦੇ ਆਧਾਰ ਅਤੇ ਜਾਂਚ ਦੇ ਦਾਇਰੇ ਬਾਰੇ ਜਾਂਚ ਏਜੰਸੀ ਜਾਂ ਹਸਪਤਾਲ ਪ੍ਰਬੰਧਕਾਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਣ ਦੀ ਉਮੀਦ ਹੈ।