ਪੰਜਾਬ 'ਚ ਨਸ਼ਿਆਂ ਵਿਰੁੱਧ ਵੱਡਾ ਐਕਸ਼ਨ: ਏ.ਐੱਨ.ਟੀ.ਐੱਫ. ਵੱਲੋਂ 15 ਕਿਲੋ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਵਾਂ ਮੁਲਜ਼ਮਾਂ ਦੀ ਪਛਾਣ ਸਾਈਮਨ ਸਿੰਘ ਉਰਫ਼ ਸੈਮਲ ਪੁੱਤਰ ਪਿਆਰਾ ਸਿੰਘ ਅਤੇ ਹਰਭਜਨ ਸਿੰਘ ਉਰਫ਼ ਬੱਬੂ ਪੁੱਤਰ ਸਤਪਾਲ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਪਿੰਡ ਚਾਂਗਾ ਰਾਏ ਹਿਠਾੜ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਕਾਫ਼ੀ ਸਮੇਂ ਤੋਂ ਸਥਾਨਕ ਪੱਧਰ ’ਤੇ ਨਸ਼ੇ ਦੀ ਸਪਲਾਈ ਦੇ ਕੰਮ ਵਿਚ ਲਿਪਤ ਸਨ ਅਤੇ ਇਸ ਮੋਟਰਸਾਈਕਲ ਦੀ ਵਰਤੋਂ ਰਾਹ ਵਿੱਚ ਚੈਕਿੰਗ ਤੋਂ ਬਚਣ ਲਈ ਕਰਦੇ ਸਨ।
Publish Date: Sat, 24 Oct 2026 02:15 PM (IST)
Updated Date: Sat, 24 Oct 2026 02:21 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਪੰਜਾਬ ’ਚ ਨਸ਼ਾ ਤਸਕਰੀ ਦੀ ਮਾਤਰਾ ਨੂੰ ਰੋਕਣ ਲਈ ਸਰਗਰਮ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਫਿਰੋਜ਼ਪੁਰ ਰੇਂਜ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਇੱਕ ਸਫਲ ਛਾਪੇਮਾਰੀ ਦੌਰਾਨ ਲਗਭਗ 15 ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਲਈ। ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਮਿਲੇ ਖ਼ੁਫ਼ੀਆ ਇਨਪੁੱਟ ਤੋਂ ਬਾਅਦ ਕੀਤੀ ਗਈ ਇਸ ਕਾਰਵਾਈ ’ਚ ਦੋ ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ।
ਪੁਲਿਸ ਦੀ ਇਸ ਕਾਰਵਾਈ ਨਾਲ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਕਰਾਰਾ ਝਟਕਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਫਲ ਆਪ੍ਰੇਸ਼ਨ ਡੀ.ਐੱਸ.ਪੀ. ਪ੍ਰਿਥੀਪਾਲ ਸਿੰਘ ਦੀ ਨਿਗਰਾਨੀ ਅਤੇ ਸਬ-ਇੰਸਪੈਕਟਰ ਸਤਪਾਲ ਦੀ ਅਗਵਾਈ ਹੇਠ ਵਾਲੀ ਪੁਲਿਸ ਟੀਮ ਵੱਲੋਂ ਅੰਜਾਮ ਦਿੱਤਾ ਗਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਕੁੱਲ 14 ਕਿਲੋ 965 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸ ਦੇ ਨਾਲ ਹੀ ਇੱਕ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 05 ਏਡਬਲਯੂ 0953 ਵੀ ਜ਼ਬਤ ਕੀਤਾ ਗਿਆ ਹੈ, ਜਿਸਦੀ ਵਰਤੋਂ ਨਸ਼ੇ ਦੀ ਖੇਪ ਨੂੰ ਵੱਖ-ਵੱਖ ਥਾਵਾਂ ’ਤੇ ਪਹੁੰਚਾਉਣ ਲਈ ਕੀਤੀ ਜਾ ਰਹੀ ਸੀ। ਇਸ ਸਬੰਧੀ ਥਾਣਾ ਏ.ਐੱਨ.ਟੀ.ਐੱਫ., ਐੱਸ.ਏ.ਐੱਸ. ਨਗਰ ਵਿਖੇ ਐੱਫ.ਆਈ.ਆਰ. ਨੰਬਰ 249 ਮਿਤੀ 23 ਅਕਤੂਬਰ 2026 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਵਾਂ ਮੁਲਜ਼ਮਾਂ ਦੀ ਪਛਾਣ ਸਾਈਮਨ ਸਿੰਘ ਉਰਫ਼ ਸੈਮਲ ਪੁੱਤਰ ਪਿਆਰਾ ਸਿੰਘ ਅਤੇ ਹਰਭਜਨ ਸਿੰਘ ਉਰਫ਼ ਬੱਬੂ ਪੁੱਤਰ ਸਤਪਾਲ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਪਿੰਡ ਚਾਂਗਾ ਰਾਏ ਹਿਠਾੜ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਕਾਫ਼ੀ ਸਮੇਂ ਤੋਂ ਸਥਾਨਕ ਪੱਧਰ ’ਤੇ ਨਸ਼ੇ ਦੀ ਸਪਲਾਈ ਦੇ ਕੰਮ ਵਿਚ ਲਿਪਤ ਸਨ ਅਤੇ ਇਸ ਮੋਟਰਸਾਈਕਲ ਦੀ ਵਰਤੋਂ ਰਾਹ ਵਿੱਚ ਚੈਕਿੰਗ ਤੋਂ ਬਚਣ ਲਈ ਕਰਦੇ ਸਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ਤੋਂ ਬਾਅਦ ਹੁਣ ਇਸ ਮਾਮਲੇ ਦੀਆਂ ਅਗਲੀਆਂ ਅਤੇ ਪਿਛਲੀਆਂ ਕੜੀਆਂ ਨੂੰ ਜੋੜਿਆ ਜਾ ਰਿਹਾ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਭਾਰੀ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੇ ਪਿੱਛੇ ਕਿਹੜਾ ਵੱਡਾ ਤਸਕਰੀ ਦਾ ਰੈਕਟ ਕੰਮ ਕਰ ਰਿਹਾ ਹੈ।
ਇਸ ਤੋਂ ਇਲਾਵਾ ਮੁਲਜ਼ਮਾਂ ਦੇ ਵਿੱਤੀ ਲੈਣ-ਦੇਣ ਅਤੇ ਹਵਾਲਾ ਨੈੱਟਵਰਕ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਜਾਂਚ ਦੇ ਦਾਇਰੇ ਵਿੱਚ ਆਉਣ ਵਾਲੇ ਹੋਰਨਾਂ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।