ਮਹਿੰਦਰਾ ਕਾਲਜ ਵੱਲੋਂ 'ਬੌਟਲਜ਼ ਫਾਰ ਚੇਂਜ' ਵਿਚਾਰ-ਗੋਸ਼ਠੀ ਕਰਵਾਈ ਮਹਿੰਦਰਾ ਕਾਲਜ ਵੱਲੋਂ 'ਬੌਟਲਜ਼ ਫਾਰ ਚੇਂਜ' ਵਿਚਾਰ-ਗੋਸ਼ਠੀ ਦਾ ਆਯੋਜਨ
Publish Date: Wed, 09 Sep 2026 04:45 PM (IST)
Updated Date: Wed, 09 Sep 2026 04:46 PM (IST)
ਫੋਟੋ 09ਪੀਟੀਐੱਲ- 14 ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਵਾਤਾਵਰਣ ਦੀ ਸਥਿਰਤਾ ਤੇ ਜ਼ਿੰਮੇਵਾਰ ਕੂੜਾ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ ਐੱਨਐੱਸਐੱਸ ਦੇ ਸਹਿਯੋਗ ਨਾਲ ਬੌਟਲਜ਼ ਫਾਰ ਚੇਂਜ: ਟਰਾਂਸਫਾਰਮਿੰਗ ਪਲਾਸਟਿਕ ਵੇਸਟ ਇਨਟੂ ਸਸਟੇਨੇਬਲ ਵੈਲਿਊ ਸਿਰਲੇਖ ਹੇਠ ਇਕ ਰੋਜ਼ਾ ਵਿਚਾਰ-ਗੋਸ਼ਠੀ ਕਰਵਾਈ। ਸਮਾਗਮ ਵਿਚ ਵਾਤਾਵਰਣ ਮਾਹਿਰਾਂ, ਫੈਕਲਟੀ ਮੈਂਬਰਾਂ ਅਤੇ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਗੋਸ਼ਠੀ ਦਾ ਮੁੱਖ ਮਕਸਦ ਵਰਤੋਂ ਤੋਂ ਬਾਅਦ ਸੁੱਟੇ ਗਏ ਪਲਾਸਟਿਕ ਖ਼ਾਸ ਕਰਕੇ ਪੈੱਟ ਬੋਤਲਾਂ ਬਾਰੇ ਲੋਕਾਂ ਦੀ ਸੋਚ ਬਦਲਣਾ ਸੀ, ਤਾਂ ਜੋ ਇਸ ਨੂੰ ਕੂੜਾ ਸਮਝਣ ਦੀ ਬਜਾਏ ਇੱਕ ਕੀਮਤੀ ਸਰਕੂਲਰ ਸਰੋਤ ਵਜੋਂ ਦੇਖਿਆ ਜਾ ਸਕੇ। ਸਮਾਗਮ ਦੀ ਮੇਜ਼ਬਾਨੀ ਕਰ ਰਹੇ ਆਈ.ਕਿਊ.ਏ.ਸੀ. ਦੇ ਕੋ-ਕੋਆਰਡੀਨੇਟਰ ਡਾ. ਰਾਏ ਬਹਾਦਰ ਸਿੰਘ ਨੇ ਸੈਸ਼ਨ ਦਾ ਉਦਘਾਟਨ ਕੀਤਾ। ਇਸ ਉਪਰੰਤ ਪ੍ਰਿੰਸੀਪਲ ਪ੍ਰੋ. (ਡਾ.) ਨਿਸ਼ਠਾ ਤ੍ਰਿਪਾਠੀ ਨੇ ਸਵਾਗਤੀ ਭਾਸ਼ਣ ਦਿੰਦਿਆਂ ਜ਼ਮੀਨੀ ਪੱਧਰ ਤੇ ਕੂੜੇ ਨੂੰ ਵੱਖ-ਵੱਖ ਕਰਨ (ਵੇਸਟ ਸੈਗਰੀਗੇਸ਼ਨ) ਦੀ ਲੋੜ ਤੇ ਜ਼ੋਰ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਨੇ ਕਿਹਾ, ਸਿੱਖਿਆ ਦਾ ਮਕਸਦ ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਹੋਣਾ ਚਾਹੀਦਾ ਹੈ। ਬੌਟਲਜ਼ ਫਾਰ ਚੇਂਜ ਵਰਗੀਆਂ ਪਹਿਲਕਦਮੀਆਂ ਰਾਹੀਂ, ਸਾਡਾ ਟੀਚਾ ਵਿਵਹਾਰਕ ਜਾਗਰੂਕਤਾ ਨੂੰ ਠੋਸ ਕਾਰਵਾਈਆਂ ਵਿੱਚ ਬਦਲਣਾ ਹੈ, ਤਾਂ ਜੋ ਸਾਡਾ ਕਾਲਜ ਕੈਂਪਸ ਵਾਤਾਵਰਣ ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਸਰਗਰਮੀ ਨਾਲ ਘਟਾ ਸਕੇ। ਮੁੱਖ ਬੁਲਾਰਿਆਂ ਡਾ. ਰਿਚਾ ਚੱਢਾ (ਵਾਤਾਵਰਣ ਮਾਹਿਰ ਅਤੇ ਸਲਾਹਕਾਰ) ਅਤੇ ਵਿਦਿਆ ਭੂਸ਼ਣ ਸਿੰਘ (ਖੇਤਰੀ ਮੈਨੇਜਰ ਉੱਤਰੀ ਖੇਤਰ) ਨੇ ਚਾਨਣਾ ਪਾਇਆ ਕਿ ਕਿਵੇਂ ਵਿੱਦਿਅਕ ਅਦਾਰੇ ਵਿਕੇਂਦਰੀਕ੍ਰਿਤ ਕਲੈਕਸ਼ਨ ਮਾਡਲਾਂ ਨੂੰ ਅਪਣਾ ਕੇ ਜ਼ੀਰੋ-ਵੇਸਟ ਇਨਕਿਊਬੇਟਰ ਵਜੋਂ ਕੰਮ ਕਰ ਸਕਦੇ ਹਨ। ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਗੁਰਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਆਈ.ਕਿਊ.ਏ.ਸੀ. ਮੈਂਬਰ ਪ੍ਰੋ. ਰਮਨੀਤ ਕੌਰ ਅਤੇ ਪ੍ਰੋ. ਹਰਪ੍ਰੀਤ ਕੌਰ ਵੀ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਕਾਲਜ ਕੈਂਪਸ ਵਿਚ ਸਿੰਗਲ-ਯੂਜ਼ ਪਲਾਸਟਿਕ ਪਾਣੀ ਦੀਆਂ ਬੋਤਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਅਤੇ ਰੀਸਾਈਕਲਿੰਗ ਡਰਾਪ-ਆਫ਼ ਪੁਆਇੰਟਾਂ ਦੀ ਸਾਂਭ-ਸੰਭਾਲ ਕਰਨ ਦੀ ਸਹੁੰ ਚੁੱਕਣ ਨਾਲ ਹੋਈ।