ਆਪਣੀ ਮਾਂ ਬੋਲੀ ਪੰਜਾਬੀ ਦੀ ਘੱਟ ਵਰਤੋਂ ਕਰਨਾ ਚਿੰਤਾ ਦਾ ਵਿਸ਼ਾ ਆਪਣੀ ਮਾਂ ਬੋਲੀ ਪੰਜਾਬੀ ਦੀ ਘੱਟ ਵਰਤੋਂ ਕਰਨਾ ਚਿੰਤਾ ਦਾ ਵਿਸ਼ਾ
Publish Date: Fri, 31 Jul 2026 05:48 PM (IST)
Updated Date: Sat, 01 Aug 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ, ਮਾਲੇਰਕੋਟਲਾ : ਮਾਂ ਬੋਲੀ ਪੰਜਾਬੀ ਸਾਡੀ ਅਮੀਰ ਸੱਭਿਆਚਾਰਕ, ਇਤਿਹਾਸ ਅਤੇ ਪਹਿਚਾਣ ਦਾ ਅਟੁੱਟ ਹਿੱਸਾ ਹੈ। ਇਹ ਉਹ ਭਾਸ਼ਾ ਹੈ ਜਿਸ ਰਾਹੀਂ ਸਾਨੂੰ ਆਪਣੇ ਗੁਰੂ ਸਾਹਿਬਾਨ ਬਾਣੀ, ਸਾਹਿਤਕਾਰਾਂ ਦੀਆਂ ਦੇ ਅਮੀਰ ਵਿਰਸੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਮੌਜੂਦਾ ਸਮੇਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਵਧਦੇ ਪ੍ਰਭਾਵ ਕਾਰਨ ਪੰਜਾਬੀ ਦੀ ਵਰਤੋਂ ਘਟਦੀ ਨਜ਼ਰ ਆ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਵੱਖ-ਵੱਖ ਸ਼ਖ਼ਸੀਅਤਾਂ ਨੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਪੰਜਾਬੀ ਭਾਸ਼ਾ ਨੇ ਦੁਨੀਆ ’ਚ ਵੱਖਰੀ ਪਹਿਚਾਣ ਦਿੱਤੀ : ਲਸੋਈ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਨੇ ਕਿਹਾ ਕਿ ਮਾਂ ਬੋਲੀ ਨਾਲ ਪਿਆਰ ਕਰਨਾ ਆਪਣੇ ਇਤਿਹਾਸ, ਵਿਰਸੇ ਤੇ ਸੱਭਿਆਚਾਰ ਨਾਲ ਪਿਆਰ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੇ ਦੁਨੀਆ ਭਰ ਵਿੱਚ ਪੰਜਾਬੀਆਂ ਨੂੰ ਇੱਕ ਸਾਂਝੀ ਪਹਿਚਾਣ ਦਿੱਤੀ ਹੈ। ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ, ਮੋਬਾਈਲ ਸੁਨੇਹਿਆਂ, ਦਫ਼ਤਰੀ ਕੰਮਕਾਜ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਨੂੰ ਪਹਿਲ ਦੇਣ। ਪੰਜਾਬੀ ਭਾਸ਼ਾ ਗੁਰੂਆਂ ਤੋਂ ਮਿਲੀ ਅਨਮੋਲ ਵਿਰਾਸਤ ਹੈ : ਟਿੱਬਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਪੰਜਾਬੀ ਭਾਸ਼ਾ ਸਾਨੂੰ ਗੁਰੂ ਸਾਹਿਬਾਨ ਵੱਲੋਂ ਮਿਲੀ ਅਨਮੋਲ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਹਰ ਮਾਪੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਪੰਜਾਬੀ ਪੜ੍ਹਨ, ਲਿਖਣ ਅਤੇ ਬੋਲਣ ਲਈ ਪ੍ਰੇਰਿਤ ਕਰਨ। ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਵੀ ਪੰਜਾਬੀ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਜੋ ਸਮਾਜ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ, ਉਹ ਹੌਲੀ-ਹੌਲੀ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰਕ ਪਹਿਚਾਣ ਤੋਂ ਵੀ ਦੂਰ ਹੋ ਜਾਂਦਾ ਹੈ। ਮਾਂ ਬੋਲੀ ਨਾਲ ਜੁੜੇ ਰਹਿਣਾ ਬੇਹੱਦ ਜਰੂਰੀ : ਭੱਟੀ ਮਹਿਲਾ ਆਗੂ ਜਗਸੀਰ ਕੌਰ ਭੱਟੀ ਨੇ ਕਿਹਾ ਕਿ ਪੰਜਾਬੀ ਸਿਰਫ਼ ਗੱਲਬਾਤ ਦੀ ਭਾਸ਼ਾ ਨਹੀਂ, ਸਗੋਂ ਸਾਡੀ ਰੂਹ, ਸਾਡੀ ਸੋਚ ਤੇ ਸਾਡੀ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਹੈ। ਸਰਕਾਰੀ ਦਫ਼ਤਰਾਂ, ਨਿੱਜੀ ਸੰਸਥਾਵਾਂ, ਵਪਾਰਕ ਅਦਾਰਿਆਂ ਤੇ ਸਮਾਜਿਕ ਮੰਚਾਂ ਤੇ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਹਰ ਪੰਜਾਬੀ ਨੂੰ ਆਪਣੇ ਲਿਖਤੀ ਕੰਮਾਂ ਵਿੱਚ ਪੰਜਾਬੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਪੰਜਾਬੀ ਦੀ ਵਰਤੋਂ ਵਧਾਏਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੀ ਮਾਂ ਬੋਲੀ ਨਾਲ ਜੁੜੀਆਂ ਰਹਿਣਗੀਆਂ । ਪੰਜਾਬੀ ਭਾਸ਼ਾ ਸਾਡੀ ਸਭ ਤੋਂ ਅਮੀਰ ਭਾਸ਼ਾ ਹੈ : ਦਾਰਾ ਆਮ ਆਦਮੀ ਪਾਰਟੀ ਦੇ ਮਾਲੇਰਕੋਟਲਾ ਤੋਂ ਸੀਨੀਅਰ ਆਗੂ ਆਜ਼ਮ ਦਾਰਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਨ, ਇਸ ਤੇ ਮਾਣ ਮਹਿਸੂਸ ਕਰਨ ਅਤੇ ਇਸ ਨੂੰ ਆਪਣੇ ਘਰਾਂ, ਕਾਰੋਬਾਰਾਂ, ਵਿਦਿਅਕ ਅਦਾਰਿਆਂ ਅਤੇ ਸਮਾਜਿਕ ਜੀਵਨ ਵਿੱਚ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਸੱਭਿਆਚਾਰਕ ਵਿਰਾਸਤ, ਇਤਿਹਾਸ ਅਤੇ ਪਹਿਚਾਣ ਦੀ ਰੂਹ ਹੈ, ਜਿਸ ਨੂੰ ਸੰਭਾਲਣਾ ਹਰ ਪੰਜਾਬੀ ਦਾ ਫਰਜ਼ ਹੈ।