- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸਾਹਿਤਕ ਉਤਸਵ ‘ਐਕਸਪ੍ਰੈਸ਼ਨਜ਼-2026’ ਯਾਦਗਾਰੀ ਹੋ ਨਿਬੜਿਆ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸੈਂਟਰ ਫਾਰ ਇੰਗਲਿਸ਼ ਲੈਂਗੂਏਜ ਲਰਨਿੰਗ ਵੱਲੋਂ ਸਾਹਿਤਕ ਉਤਸਵ ‘ਐਕਸਪ੍ਰੈਸ਼ਨਜ਼-2026’ ਦਾ ਸਫ਼ਲ ਕਰਵਾਇਆ ਗਿਆ। ਇਸ ਉਤਸਵ ਦੌਰਾਨ ਬੀ.ਏ. ਭਾਗ ਪਹਿਲਾ, ਦੂਜਾ ਤੇ ਤੀਜਾ ਦੇ ਅੰਗਰੇਜ਼ੀ ਚੋਣਵੇਂ ਵਿਸ਼ੇ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਖ਼ਾਸ ਤੌਰ ’ਤੇ ਪੇਂਡੂ ਪਿਛੋਕੜ ਨਾਲ ਸਬੰਧਤ ਵਿਦਿਆਰਥੀਆਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਇਸ ਉਪਰਾਲੇ ਦਾ ਅਹਿਮ ਮਕਸਦ ਰਿਹਾ। ਉਤਸਵ ਦੌਰਾਨ ਪੇਪਰ ਪ੍ਰੈਜ਼ੈਂਟੇਸ਼ਨ, ਟਾਕ ਸ਼ੋਅ, ਸਾਹਿਤਕ ਕੁਇਜ਼ ਤੇ ਮਨੋਰੰਜਕ ਤੇ ਗਿਆਨ-ਵਰਧਕ ਖੇਡਾਂ ਸਮੇਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਸਾਹਿਤਕ ਕੁਇਜ਼ ਮੁਕਾਬਲੇ ਵਿਚ ਖੁਸ਼ਪ੍ਰੀਤ ਕੌਰ, ਤਰਨਪ੍ਰੀਤ ਕੌਰ ਅਤੇ ਹੁਸਨਪ੍ਰੀਤ ਕੌਰ (ਤਿੰਨੇ ਬੀ.ਏ. ਭਾਗ ਪਹਿਲਾ) ਅਤੇ ਪ੍ਰਾਚੀ (ਬੀ.ਏ. ਭਾਗ ਦੂਜਾ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੇ ਆਪਣੀ ਸਾਹਿਤਕ ਜਾਣਕਾਰੀ, ਸੂਝ-ਬੂਝ ਅਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਇਸ ਮੌਕੇ ਜੁਲਾਈ ਤੇ ਅਗਸਤ ਮਹੀਨਿਆਂ ਦੌਰਾਨ ਸੈਂਟਰ ਵੱਲੋਂ ਕਰਵਾਈ ਗਈ 30 ਘੰਟਿਆਂ ਦੀ ਸੰਚਾਰ ਹੁਨਰ ਵਿਕਾਸ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਸਫ਼ਲ ਪ੍ਰਬੰਧਨ ਵਿੱਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਕੋਆਰਡੀਨੇਟਰਾਂ ਪਲਕਿਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਗੁਰਸੇਵਕ ਸਿੰਘ ਅਤੇ ਇੰਦਰਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ’ਚ ਸੈਂਟਰ ਫਾਰ ਇੰਗਲਿਸ਼ ਲੈਂਗੂਏਜ ਲਰਨਿੰਗ ਦੀ ਕੋਆਰਡੀਨੇਟਰ ਡਾ. ਗੁਰਲੀਨ ਆਹਲੂਵਾਲੀਆ ਨੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦਾ ਨਿਰੰਤਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਦੇਣ ਲਈ ਧੰਨਵਾਦ ਕੀਤਾ।