- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈਵੋਲਟੇਜ ਟਾਵਰ ’ਤੇ ਚੜ੍ਹੇ ਨੌਜਵਾਨ ਵੱਲੋਂ ਤਾਰਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼

-2600 ਲਾਈਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਦਾ 17 ਨਵੰਬਰ ਤੋਂ ਟਾਵਰ ਮੋਰਚਾ ਜਾਰੀ
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ :
ਜੁਆਇਨਿੰਗ ਦੀ ਮੰਗ ਨੂੰ ਲੈ ਕੇ ਹਾਈਵੋਲਟੇਜ ਬਿਜਲੀ ਲਾਈਨ ਦੇ ਟਾਵਰ ’ਤੇ ਚੜ੍ਹ ਕੇ ਸੰਘਰਸ਼ ਕਰ ਰਹੇ 2600 ਲਾਈਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਦੇ ਨੁਮਾਇੰਦਿਆ ’ਚੋਂ ਬੱਧਵਾਰ ਦੇਰ ਰਾਤ ਨੂੰ ਇੱਕ ਨੌਜਵਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੇ ਜਾਣ ਕਾਰਨ ਮੌਕੇ ’ਤੇ ਤਣਾਅਪੂਰਨ ਸਥਿਤੀ ਬਣ ਗਈ। ਹਾਲਾਂਕਿ ਸਾਥੀ ਧਰਨਾਕਾਰੀਆਂ ਵੱਲੋਂ ਲੰਬੀ ਜੱਦੋ-ਜਹਿਦ ਅਤੇ ਸਮਝਾਉਣ ਤੋਂ ਬਾਅਦ ਨੌਜਵਾਨ ਟਾਵਰ ਦੇ ਵਿਚਕਾਰਲੇ ਹਿੱਸੇ ਤੱਕ ਵਾਪਸ ਆ ਗਿਆ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਸਰਕਾਰ ਉਨ੍ਹਾਂ ਦਾ ਸੰਘਰਸ਼ ਖ਼ਤਮ ਕਰਵਾਉਣ ਲਈ ਪੁਲਿਸ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਟਾਵਰ ’ਤੇ ਚੜ੍ਹੇ ਨੌਜਵਾਨਾਂ ਨੂੰ ਜ਼ਬਰਦਸਤੀ ਹੇਠਾਂ ਉਤਾਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਦਕਿ ਯੂਨੀਅਨ ਆਪਣੀਆਂ ਮੰਗਾਂ ਦਾ ਹੱਲ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ 2600 ਲਾਈਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਗਿਆ ਸੀ। ਉਸ ਸਮੇਂ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਤੋਂ ਬਾਅਦ ਯੂਨੀਅਨ ਦੇ ਮੈਂਬਰਾਂ ਨੇ ਇਸੇ ਹਾਈਵੋਲਟੇਜ ਬਿਜਲੀ ਲਾਈਨ ਦੇ ਟਾਵਰ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ ਗਿਆ ਸੀ।
ਧਰਨਾਕਾਰੀਆਂ ਅਨੁਸਾਰ ਜੁਆਇਨਿੰਗ ਲਈ ਪੰਜਾਬੀ ਦਾ ਪੇਪਰ ਪਾਸ ਕਰਨਾ ਲਾਜ਼ਮੀ ਕੀਤਾ ਗਿਆ ਸੀ। ਯੂਨੀਅਨ ਦੇ ਮੈਂਬਰ ਜੁਲਾਈ ਮਹੀਨੇ ਵਿੱਚ ਇਹ ਪੇਪਰ ਦੇ ਚੁੱਕੇ ਹਨ, ਪਰ ਚਾਰ ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਨਤੀਜਾ ਐਲਾਨਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਜੁਆਇਨਿੰਗ ਦਿੱਤੀ ਜਾ ਰਹੀ ਹੈ। ਇਸੇ ਦੇ ਰੋਸ ਵਜੋਂ ਯੂਨੀਅਨ ਵੱਲੋਂ 17 ਨਵੰਬਰ ਤੋਂ ਮੁੜ ਟਾਵਰ ਮੋਰਚਾ ਸ਼ੁਰੂ ਕੀਤਾ ਗਿਆ ਹੈ ਤੇ 7 ਮੈਂਬਰ ਟਾਵਰ ’ਤੇ ਚੜ੍ਹੇ ਹੋਏ ਹਨ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੰਜਾਬੀ ਦੇ ਪੇਪਰ ਦਾ ਨਤੀਜਾ ਤੁਰੰਤ ਐਲਾਨ ਕੇ ਉਨ੍ਹਾਂ ਦੀ ਜੁਆਇਨਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਦਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।