ਯੂਨੀਵਰਸਿਟੀ ਕਾਲਜ ਘਨੌਰ ਵਿਖੇ ਲਾਇਬ੍ਰੇਰੀ ਦਿਵਸ ਮਨਾਇਆ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਲਾਇਬ੍ਰੇਰੀ ਦਿਵਸ ਮਨਾਇਆ
Publish Date: Tue, 18 Aug 2026 05:42 PM (IST)
Updated Date: Tue, 18 Aug 2026 05:45 PM (IST)
ਫੋਟੋ 18ਪੀਟੀਐਲ: 28: ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਯੂਨੀਵਰਸਿਟੀ ਕਾਲਜ ਘਨੌਰ ਵਿਖੇ ਲਾਇਬ੍ਰੇਰੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਚੀਫ਼ ਲਾਇਬ੍ਰੇਰੀਅਨ ਅਮਿਤ ਮਿੱਤਲ ਮੁੱਖ ਵਕਤਾ ਤੇ ਕੰਵਲਜੀਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਕਾਲਜ ਦੀ ਲਾਇਬ੍ਰੇਰੀ ਵਿਚ ਲਗਭਗ 9 ਹਜ਼ਾਰ ਪੁਸਤਕਾਂ ਮੌਜੂਦ ਹਨ, ਜੋ ਵਿਦਿਆਰਥੀਆਂ ਲਈ ਗਿਆਨ ਹਾਸਲ ਕਰਨ ਦਾ ਮਹੱਤਵਪੂਰਨ ਸਰੋਤ ਹਨ। ਉਨ੍ਹਾਂ ਕਿਹਾ ਕਿ ਕਿਤਾਬਾਂ ਨਾਲ ਦੋਸਤੀ ਮਨੁੱਖ ਦੀ ਜ਼ਿੰਦਗੀ ਵਿੱਚ ਰਚਨਾਤਮਕ ਬਦਲਾਅ ਅਤੇ ਕ੍ਰਾਂਤੀ ਲਿਆ ਸਕਦੀ ਹੈ।ਮੁੱਖ ਵਕਤਾ ਅਮਿਤ ਮਿੱਤਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਲਾਇਬ੍ਰੇਰੀ ਦਿਵਸ ਉੱਘੇ ਲਾਇਬ੍ਰੇਰੀਅਨ ਡਾ. ਐਸ.ਆਰ. ਰੰਗਨਾਥਨ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਉਨ੍ਹਾਂ ਲਾਇਬ੍ਰੇਰੀ ਵਿਗਿਆਨ ਨੂੰ ਵਿਵਸਥਿਤ ਅਤੇ ਤਰਤੀਬਬੱਧ ਕਰਨ ਵਿੱਚ ਡਾ. ਰੰਗਨਾਥਨ ਦੇ ਮਹੱਤਵਪੂਰਨ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੀ ਲਾਇਬ੍ਰੇਰੀਅਨ ਮੈਡਮ ਰਾਜੇਸ਼ਵਰੀ ਵੱਲੋਂ ਵਿਦਿਆਰਥੀਆਂ ਤੋਂ ਪੁਸਤਕਾਂ ਅਤੇ ਲਾਇਬ੍ਰੇਰੀ ਨਾਲ ਸਬੰਧਤ ਸਵਾਲ ਪੁੱਛੇ ਗਏ। ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਦੀਪਤੀ ਬਾਂਸਲ ਨੇ ਸਮਾਗਮ ’ਚ ਪਹੁੰਚੇ ਮਹਿਮਾਨਾਂ, ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਡਾ. ਰਵਿੰਦਰ ਸਿੰਘ ਰਵੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।