ਲੀਲਾ ਰਾਣੀ ਨੂੰ ਗਣਤੰਤਰ ਦਿਵਸ 'ਤੇ ਜ਼ਿਲ੍ਹਾ ਪੁਰਸਕਾਰ ਨਾਲ ਸਨਮਾਨ
ਲੀਲਾ ਰਾਣੀ ਨੂੰ ਗਣਤੰਤਰ ਦਿਵਸ 'ਤੇ ਜ਼ਿਲ੍ਹਾ ਪੁਰਸਕਾਰ ਨਾਲ ਸਨਮਾਨ
Publish Date: Thu, 29 Jan 2026 04:29 PM (IST)
Updated Date: Thu, 29 Jan 2026 04:31 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੀ ਵਸਨੀਕ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਲੀਲਾ ਰਾਣੀ, ਜਿਸ ਨੇ ਰਾਸ਼ਟਰੀ ਮਾਸਟਰ ਖੇਡਾਂ 2025 ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ, ਨੂੰ ਗਣਤੰਤਰ ਦਿਵਸ ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ, ਪਟਿਆਲਾ ਵੱਲੋਂ ਦਿੱਤਾ ਗਿਆ, ਜਦਕਿ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਨੇ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਲੀਲਾ ਰਾਣੀ ਨੂੰ ਉਮਰ ਦੇ ਬਾਵਜੂਦ ਖੇਡ ਜਗਤ ਵਿੱਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ, ਉਨ੍ਹਾਂ ਦੇ ਅਨੁਸ਼ਾਸਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। 2025 ਦੀਆਂ ਨੈਸ਼ਨਲ ਮਾਸਟਰਜ਼ ਖੇਡਾਂ ਵਿੱਚ, ਉਸਨੇ 23 ਰਾਜਾਂ ਦੇ ਖਿਡਾਰੀਆਂ ਨੂੰ ਪਛਾੜ ਕੇ ਸੋਨ ਤਗਮਾ ਜਿੱਤਿਆ। ਅੱਜ ਤੱਕ ਉਸਨੇ 10 ਮੀਟਰ ਪਿਸਟਲ ਸ਼ੂਟਿੰਗ ਵਿਚ ਪੰਜ ਤਗਮੇ ਜਿੱਤੇ ਹਨ, ਜਿਸ ਵਿਚ ਕਈ ਰਾਜ ਅਤੇ ਅੰਤਰਰਾਜ਼ੀ ਮੁਕਾਬਲਿਆਂ ਦੇ ਸੋਨੇ ਦੇ ਤਗਮੇ ਸ਼ਾਮਲ ਹਨ। ਲੀਲਾ ਰਾਣੀ ਨੇ ਕਿਹਾ ਕਿ ਉਸਦਾ ਸੁਪਨਾ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਲਈ ਤਗਮਾ ਜਿੱਤਣਾ ਹੈ।