ਡੀਸੀ ਦੇ ਰਵੱਈਏ ਖ਼ਿਲਾਫ਼ ਵਕੀਲਾਂ ਦਾ ਫੁੱਟਿਆ ਗੁੱਸਾ ਡੀਸੀ ਦੇ ਰਵੱਈਏ ਖ਼ਿਲਾਫ਼ ਵਕੀਲਾਂ ਦਾ ਫੁੱਟਿਆ ਗੁੱਸਾ
Publish Date: Tue, 28 Jul 2026 04:37 PM (IST)
Updated Date: Wed, 29 Jul 2026 04:01 AM (IST)
ਸੱਤਪਾਲ ਕਾਲਾਬੂਲਾ/ ਜਸਪਾਲ ਸਿੰਘ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸਥਾਨਕ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਕਥਿਤ ਅੜੀਅਲ ਅਤੇ ਵਕੀਲ ਵਿਰੋਧੀ ਰਵੱਈਏ ਦੇ ਖ਼ਿਲਾਫ਼ ਮੰਗਲਵਾਰ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਕੀਲਾਂ ਨੇ ਡੀਸੀ ਦੀ ਤੁਰੰਤ ਬਦਲੀ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ ਨੇ ਕਿਹਾ ਕਿ ਵਕੀਲਾਂ ਨੂੰ ਧਰਨੇ-ਮੁਜ਼ਾਹਰੇ ਕਰਨ ਦਾ ਕੋਈ ਸ਼ੌਕ ਨਹੀਂ, ਪਰ ਡੀਸੀ ਦੇ ਲਗਾਤਾਰ ਮਾੜੇ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਵਕੀਲ ਵੱਲੋਂ ਤਬਦੀਲ ਸੰਬੰਧੀ ਰਜਿਸਟਰੀ ਕਰਨ ਤੋਂ ਬਾਅਦ ਖੁੰਦਕ ਵਿੱਚ ਆ ਕੇ ਡੀਸੀ ਵੱਲੋਂ ਉਸ ਵਕੀਲ ਖ਼ਿਲਾਫ਼ ਪਰਚਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਆਪਣੀ ਜ਼ਮੀਨ ਉੱਤੇ ਨਵੇਂ ਵਕੀਲਾਂ ਲਈ ਚੈਂਬਰ ਬਣਾਏ ਜਾਣੇ ਹਨ। ਇਸ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਵੀ ਸਿਫ਼ਾਰਸ਼ ਕੀਤੀ ਗਈ ਸੀ, ਪਰ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਡੀਸੀ ਨੇ ਕੋਈ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਐਸਐਸਪੀ ਅਤੇ ਡੀਸੀ ਦੇ ਸਰਕਾਰੀ ਰਿਹਾਇਸ਼ੀ ਮਕਾਨ ਹਾਈ ਕੋਰਟ ਦੇ ਹੁਕਮਾਂ ਨਾਲ ਖਾਲੀ ਹੋਏ ਸਨ ਅਤੇ ਇਸ ਮਾਮਲੇ ਵਿੱਚ ਵਕੀਲਾਂ ਦਾ ਕੋਈ ਨਿੱਜੀ ਰੋਲ ਨਹੀਂ ਸੀ। ਵਕੀਲਾਂ ਨੇ ਸਿਰਫ਼ ਏਡੀਸੀ ਅਦਾਲਤ ਸਬੰਧੀ ਰਿੱਟ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਵਕੀਲਾਂ ਪ੍ਰਤੀ ਨਕਾਰਾਤਮਕ ਰਵੱਈਆ ਅਪਣਾਇਆ ਜਾ ਰਿਹਾ ਹੈ। ਵਕੀਲਾਂ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਦੀ ਤੁਰੰਤ ਬਦਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਸਮੂਹ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੂੰ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਉਹਨਾਂ ਦਾ ਰਵੱਈਆ ਬਿਲਕੁਲ ਚੰਗਾ ਰਹੇਗਾ। ਨਵੇਂ ਵਕੀਲਾਂ ਨੂੰ ਚੇਂਬਰ ਦੇਣ ਵਾਲੀ ਜਗ੍ਹਾ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ ਬੁੱਧਵਾਰ ਨੂੰ 1 ਵਜੇ ਰੈਵਨਿਊ ਡਿਪਾਰਟਮੈਂਟ ਅਤੇ ਵਕੀਲਾਂ ਦੀ ਸਾਂਝੀ ਮੀਟਿੰਗ ਵਿੱਚ ਇਹ ਮਸਲੇ ਦਾ ਹੱਲ ਵੀ ਕਰਵਾ ਦਿੱਤਾ ਜਾਵੇਗਾ। ਧਰਨੇ ਵਿੱਚ ਐਡਵੋਕੇਟ ਮੁਹੰਮਦ ਕਾਸਿਮ, ਐਡਵੋਕੇਟ ਮੁਹੰਮਦ ਅਸਲਮ, ਐਡਵੋਕੇਟ ਲਿਆਸ ਖ਼ਾਨ, ਐਡਵੋਕੇਟ ਗੌਤਮ ਸਿੰਗਲਾ, ਐਡਵੋਕੇਟ ਹਰਦੀਪ ਸਿੰਘ ਖੱਤਰਾ ਹਾਜਰ ਸਨ।