
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਾਅ ਯੂਨੀਵਰਸਿਟੀ ਦੇ ਕੱਚੇ ਕਾਮਿਆਂ ਦਾ ਧਰਨਾ ਮੁਲਤਵੀ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਪਟਿਆਲਾ ਦੇ ਕੱਚੇ ਕਾਮਿਆਂ ਸਫ਼ਾਈ ਸੇਵਕਾਂ ਤੇ ਸਕਿਉਰਟੀ ਗਾਰਡ ਵਲੋਂ ਪਿਛਲੇ ਦਿਨਾਂ ਤੋਂ ਲਗਾਇਆ ਜਾ ਰਿਹਾ ਧਰਨਾ ਪ੍ਰਦਰਸ਼ਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਵਲੋਂ ਆਪਣੇ ਨੁਮਾਇੰਦੇ ਨੂੰ ਭੇਜ ਕੇ ਯੂਨੀਵਰਸਿਟੀ ਦੇ ਮੌਜੂਦਾ ਹਾਲਾਤ ਸਬੰਧੀ ਰਿਪੋਰਟ ਪ੍ਰਾਪਤ ਕੀਤੀ ਗਈ ਹੈ। ਜਾਣਕਾਰੀ ਸਾਂਝੀ ਕਰਦਿਆਂ ਮੁਲਾਜ਼ਮ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਯੂਨੀਵਰਸਿਟੀ ਦੇ ਮੌਜੂਦਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਯੂਨੀਵਰਸਿਟੀ ਦੇ ਮੁਲਾਜ਼ਮਾਂ ਸਬੰਧੀ ਹਰ ਫ਼ੈਸਲੇ ਦਾ ਅਧਿਕਾਰ ਚਾਂਸਲਰ ਕੋਲ਼ ਹੈ। ਚਾਂਸਲਰ ਵਲੋਂ ਬੀਤੇ ਦਿਨੀਂ ਚੰਡੀਗੜ੍ਹ ਤੋ ਵਿਸ਼ੇਸ਼ ਨੁਮਾਇੰਦਾ ਭੇਜ ਕੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਂਵਾਂ ਦੀ ਪੁਖਤਾ ਰਿਪੋਰਟ ਮੰਗੀ ਗਈ ਹੈ। ਚਾਂਸਲਰ ਵਲੋਂ ਭੇਜੇ ਗਏ ਨੁੰਮਾਇੰਦੇ ਨੇ ਕੱਚੇ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਧਰਨਾ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਆਪਸੀ ਮੀਟਿੰਗ ਕਰਕੇ ਚਾਂਸਲਰ ਵਲੋਂ ਦਿੱਤੇ ਭਰੋਸੇ ਕਾਰਨ ਧਰਨਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ।