- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਅ ਯੂਨੀਵਰਸਿਟੀ ’ਚ ਫੈਕਲਟੀ ਦੀ ਪੈਨ ਡਾਉਨ ਹੜਤਾਲ ਸੁਰੂ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਆਰਜੀਐਨਯੂਐਲ) ਪੰਜਾਬ ਵਿਚ ਤਰੱਕੀ ਪ੍ਰਕਿਰਿਆ ਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਲੈ ਕੇ ਫੈਕਲਟੀ ਮੈਂਬਰਾਂ ਵੱਲੋਂ ਯੂਨੀਵਰਸਿਟੀ ਮੈਨੇਜਮੈਂਟ ਨੂੰ ਦਿੱਤਾ ਗਿਆ 48 ਘੰਟਿਆਂ ਦਾ ਅਲਟੀਮੇਟਮ ਬੁੱਧਵਾਰ ਨੂੰ ਖਤਮ ਹੋ ਗਿਆ ਹੈ। ਇਸ ਦੌਰਾਨ ਬੁੱਧਵਾਰ ਨੂੰ ਫੈਕਲਟੀ ਦੀ ਵਾਈਸ ਚਾਂਸਲਰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ’ਤੇ ਫੈਕਲਟੀ ਵੱਲੋਂ ਪੈਨ ਡਾਊਨ ਹੜਤਾਲ ਸ਼ੁਰੂ ਦਿੱਤੀ ਗਈ ਅਤੇ ਕਲਾਸਾਂ ਦਾ ਬਾਈਕਾਟ ਕੀਤਾ ਗਿਆ। ਫੈਕਲਟੀ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕੁਝ ਵਿਅਕਤੀਆਂ ਨੂੰ ਤਰੱਕੀਆਂ ਦੇਣ ’ਚ ਪੱਖਪਾਤ ਕਰ ਰਿਹਾ ਹੈ, ਜਿਸ ਸਬੰਧੀ ਅੱਜ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ ਸੀ ਪਰ ਕੋਈ ਨਤੀਜਾ ਨਾ ਨਿਕਲਣ ’ਤੇ ਸਮੂਹ ਫੈਕਲਟੀ ਵੱਲੋਂ ਪੈਨ ਡਾਊਨ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਅਧਿਆਪਕਾਂ ਮੁਤਾਬਕ ਵੀਰਵਾਰ ਨੂੰ ਵੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਵੇਗੀ ਤੇ ਜੇਕਰ ਮੰਗਾਂ ਸਬੰਧੀ ਕੋਈ ਹੱਲ ਨਾ ਨਿਕਲਿਆ ਤਾਂ ਹੜਤਾਲ ਲਗਾਤਾਰ ਜਾਰੀ ਰਹੇਗੀ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫੈਕਲਟੀ ਮੈਂਬਰਾਂ ਨੇ ਇਲਜਾਮ ਲਗਾਇਆ ਹੈ ਕਿ ਹਾਲ ਹੀ ਵਿਚ ਇਕ ਅਧਿਆਪਕ ਨੂੰ ਦਿੱਤੀ ਗਈ ਤਰੱਕੀ ’ਚ ਲਾਗੂ ਹੁਕਮਾਂ, ਸਥਾਪਤ ਨਿਯਮਾਂ ਤੇ ਪਾਰਦਰਸ਼ਤਾ ਦੇ ਮਾਪਦੰਡਾਂ ਨੂੰ ਕਥਿਤ ਤੌਰ ’ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਟੀ ਦੇ ਸਕਿਊਰਿਟੀ ਗਾਰਡ ਤੇ ਸਵੀਪਰ (ਸਫਾਈ ਸੇਵਕ) ਵੀ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਬਜਿੱਦ ਹਨ। ਜਾਣਕਾਰੀ ਦਿੰਦਿਆਂ ਜਸਪਾਲ ਸਿੰਘ, ਅਮਿਤ ਕੁਮਾਰ,ਅਮਰਾਨ ਖਾਨ, ਰਾਜਿੰਦਰ ਸਿੰਘ, ਮਲਕੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਪ੍ਰਸ਼ਾਸਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਕੱਚੇ ਕਾਮਿਆਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਯੂਨੀਵਰਸਿਟੀ ਦੇ ਚਾਂਸਲਰ ਨਾਲ ਗੱਲਬਾਤ ਕੀਤੀ ਜਾਵੇਗੀ, ਪ੍ਰੰਤੂ ਦੋ ਮਹੀਨਿਆਂ ਤੋਂ ਬਾਅਦ ਵੀ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਾਰੇ ਕੱਚੇ ਕਾਮੇ ਹੜਤਾਲ ’ਤੇ ਰਹੇ ਅਤੇ ਸਿਰਫ ਵਿਦਿਆਰਥੀਆਂ ਦੇ ਹੋਲਟਲਾਂ ’ਚ ਸਾਫ ਸਫਾਈ ਦਾ ਕੰਮ ਕੀਤਾ ਗਿਆ ਤੇ ਉਸ ਤੋਂ ਬਿਨਾ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ ਤੇਜ਼ ਕੀਤਾ ਜਾਵੇਗਾ।