ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਠੱਗੇ, ਪਰਚਾ ਦਰਜ
ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਠੱਗੇ, ਪਰਚਾ ਦਰਜ
Publish Date: Mon, 30 Mar 2026 05:17 PM (IST)
Updated Date: Tue, 31 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਇਕ ਪਾਸੇ ਪੰਜਾਬ ਸਰਕਾਰ ਬਿਨਾਂ ਕਿਸੇ ਰਿਸ਼ਵਤ ਤੇ ਪੈਸਾ ਪਾਈ ਤੋਂ ਨੌਕਰੀਆਂ ਦੇ ਰਹੀ ਹੈ, ਪ੍ਰੰਤੂ ਕੁਝ ਭੋਲੇ ਭਾਲੇ ਵਿਅਕਤੀਆਂ ਨੂੰ ਸ਼ਾਤਰ ਦਿਮਾਗ ਵਿਅਕਤੀ ਸਰਕਾਰੀ ਨੌਕਰੀ ਦਵਾਉਣ ਬਦਲੇ ਲੱਖਾਂ ਰੁਪਏ ਮਿੰਟਾਂ ’ਚ ਠੱਗ ਲੈਂਦੇ ਹਨ। ਅਜਿਹੇ ਹੀ ਸ਼ਾਤਰ ਦਿਮਾਗ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਲਹਿਰਾ ਵਿਖੇ ਪਰਚਾ ਦਰਜ ਕੀਤਾ ਹੈ। ਲਾਲ ਸਿੰਘ ਪੁੱਤਰ ਮੇਵਾ ਸਿੰਘ ਪਿੰਡ ਫਲੇੜਾ, ਥਾਣਾ ਲਹਿਰਾ ਨੇ ਖ਼ਿਲਾਫ਼ ਰਾਣਾ ਨਰਿੰਦਰ ਸਿੰਘ ਵਾਸੀ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਧੋਖਾਧੜੀ ਸਬੰਧੀ ਪਰਚਾ ਦਰਜ ਕਰਵਾਇਆ। ਇਸ ਵਿਚ ਲਾਲ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਗੁਰਪ੍ਰੀਤ ਸਿੰਘ ਨੂੰ ਫਾਇਰ ਬ੍ਰਿਗੇਡ ਵਿਚ ਨੌਕਰੀ ’ਤੇ ਲਾਉਣ ਸਬੰਧੀ ਰਾਣਾ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ। ਇਸ ਸਬੰਧੀ ਦੋਸ਼ੀ ਨੇ ਉਸ ਕੋਲੋ ਇਕ ਲੱਖ 70 ਹਜ਼ਾਰ ਰੁਪਏ ਲੈ ਲਏ ਤੇ ਬਾਅਦ ’ਚ ਮੈਨੂੰ ਲਾਰੇ ਲੱਪੇ ਲਾਉਂਦਾ ਰਿਹਾ। ਹੁਣ ਨਾ ਤਾਂ ਦੋਸ਼ੀ ਨੇ ਮੇਰੇ ਪੁੱਤਰ ਨੂੰ ਫਾਇਰ ਬ੍ਰਿਗੇਡ ਵਿਚ ਨੌਕਰੀ ਦਵਾਈ ਨਾਂ ਹੀ ਮੇਰੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਦੋਸ਼ੀ ਰਾਣਾ ਨਰਿੰਦਰ ਸਿੰਘ ਨੇ ਮੇਰੇ ਲੜਕੇ ਗੁਰਪ੍ਰੀਤ ਸਿੰਘ ਨੂੰ ਨੌਕਰੀ ਦਵਾਉਣ ਦੇ ਨਾਮ 170000 ਰੁਪਏ ਦੀ ਠੱਗੀ ਮਾਰੀ ਹੈ। ਲਹਿਰਾ ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਤੇ ਉਸਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ।