ਕੋਹਲੀ ਵੱਲੋਂ ਮਰੀਜ਼ ਮਿੱਤਰਾ ਨੂੰ ਸ਼ੁਭਕਾਮਨਾਵਾਂ ਕੋਹਲੀ ਵੱਲੋਂ ਮਰੀਜ਼ ਮਿੱਤਰਾ ਨੂੰ ਸ਼ੁਭਕਾਮਨਾਵਾਂ
Publish Date: Fri, 16 Oct 2026 04:24 PM (IST)
Updated Date: Fri, 16 Oct 2026 04:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੰਸਥਾ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜ਼ੇਸ਼ਨ ਪਟਿਆਲਾ ਵੱਲੋਂ 16 ਨਵੰਬਰ 2026 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਚੌਥੇ ਜ਼ਿਲ੍ਹਾ ਪੱਧਰੀ ਸ਼ਰਧਾਂਜਲੀ ਅਤੇ ਸਨਮਾਨ ਸਮਾਰੋਹ ਲਈ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸੰਸਥਾ ਦੇ ਸਨੌਰੀ ਅੱਡਾ ਸਥਿਤ ਮੁੱਖ ਦਫ਼ਤਰ ਵਿਖੇ ਸ਼ੁਭਕਾਮਨਾਵਾਂ ਦੇਣ ਪਹੁੰਚੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਮੁੱਖ ਗੁਰੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਗੁਰਮੁੱਖ ਗੁਰੂ ਨੇ ਦੱਸਿਆ ਕਿ ਸੰਸਥਾ ਵੱਲੋਂ ਆਪਣੇ ਆਦਰਸ਼ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਹਰ ਸਾਲ ਜ਼ਿਲ੍ਹਾ ਪੱਧਰੀ ਸ਼ਰਧਾਂਜਲੀ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ। ਇਸ ਸਮਾਗਮ ਦੌਰਾਨ ਖ਼ੂਨਦਾਨੀਆਂ, ਪਲੇਟਲੈਟਸ ਦਾਨੀਆਂ, ਕੈਂਸਰ ਦੇ ਮਰੀਜ਼ਾਂ ਲਈ ਵਾਲ ਦਾਨ ਕਰਨ ਵਾਲਿਆਂ, ਜ਼ਖ਼ਮੀ ਅਤੇ ਬਿਮਾਰ ਪਸ਼ੂ-ਪੰਛੀਆਂ ਦੀ ਸੇਵਾ-ਸੰਭਾਲ ਕਰਨ ਵਾਲੇ ਜੀਵ ਪ੍ਰੇਮੀਆਂ ਅਤੇ ਜ਼ਮੀਨੀ ਪੱਧਰ ਤੇ ਸਮਾਜ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 111 ਮਹਾਨ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਗਮ ਦੌਰਾਨ 500 ਤੋਂ ਵੱਧ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਇੱਕ ਮੰਚ ਤੇ ਇਕੱਠੇ ਹੋਣ ਦੀ ਉਮੀਦ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੰਸਥਾ ਨੂੰ ਸਮਾਗਮ ਲਈ ਹਰ ਪੱਖੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੰਸਥਾ ਮਰੀਜ਼ ਮਿੱਤਰਾ ਨਿਰਪੱਖਤਾ ਨਾਲ ਵੱਖ-ਵੱਖ ਖੇਤਰਾਂ ਵਿੱਚ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ। ਇਸ ਸੰਸਥਾ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਜੁੜੇ ਹੋਏ ਹਨ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਪਟਿਆਲਾ ਸ਼ਹਿਰ ਲਈ ਮਾਣ ਵਾਲੀ ਗੱਲ ਹਨ।