- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਕਿਯੂ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੋਰਚਾ ਜਾਰੀ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪੱਧਰੀ ਪੱਕੇ ਮੋਰਚੇ ਦੇ ਅੱਠਵੇਂ ਦਿਨ ਦੇਸ਼ ਪੱਧਰ ’ਤੇ ਵਿਸ਼ਾਲ ਕਿਸਾਨ ਏਕਤਾ ਉਸਾਰਨ ਦੀ ਗੱਲ ਜ਼ੋਰਦਾਰ ਢੰਗ ਪੇਸ਼ ਕੀਤੀ। ਜਗਦੀਪ ਸਿੰਘ ਛੰਨਾ ਸੀਨੀਅਰ ਮੀਤ ਪ੍ਰਧਾਨ ਨੇ ਬੋਲਦਿਆਂ ਦੱਸਿਆ ਕਿ ਬੀਤੇ ਕੱਲ੍ਹ ਜਥੇਬੰਦੀ ਵੱਲੋਂ ਸੂਬੇ ਵਿਚ ਵੱਖ-ਵੱਖ ਥਾਵਾਂ ਤੇ ਜ਼ਿਲ੍ਹਾ ਸਕੱਤਰੇਤ, ਪੁਲਿਸ ਅਧਿਕਾਰੀਆਂ ਦੀ ਰਿਹਾਇਸ਼, ਬੈਂਕਾਂ ਦੇ ਘਿਰਾਓ ਕੀਤੇ। ਇਨ੍ਹਾਂ ਸੰਘਰਸ਼ਾਂ ਵਿਚ 13 ਸੂਤਰੀ ਮੰਗ ਪੱਤਰ ਅਨੁਸਾਰ ਮੰਗਾਂ ’ਚੋਂ ਕਿਸਾਨਾਂ, ਮਜ਼ਦੂਰਾਂ ਤੇ ਸੰਘਰਸ਼ ਦੌਰਾਨ ਪਾਏ ਝੂਠੇ ਪਰਚੇ ਰੱਦ ਕਰਵਾਉਣ ਸਬੰਧੀ, ਪਿਛਲੇ ਸਮੇਂ ਦੌਰਾਨ ਮੌਸਮੀ ਖ਼ਰਾਬੀ ਕਾਰਨ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸੰਬੰਧੀ, ਬਿਜਲੀ ਦੀ ਸਪਲਾਈ ਦੀ ਹੋ ਰਹੀ ਸਮੱਸਿਆ ਸਬੰਧੀ ਘਿਰਾਓ ਕੀਤੇ ਗਏ। ਪਟਿਆਲੇ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਦਾ ਚਾਰ ਘੰਟੇ ਦਾ ਸੰਕੇਤਕ ਘਿਰਾਓ ਕੀਤਾ ਗਿਆ ਤੇ ਮੰਗ ਕੀਤੀ ਗਈ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ਿਆ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ਿਆ ਤੇ ਕੋਈ ਸੰਤੋਸ਼ਜਨਕ ਗੱਲ ਨਾ ਕੀਤੀ ਗਈ ਤਾਂ ਬੈਂਕ ਅੱਗੇ ਅਣਮਿੱਥੇ ਸਮੇਂ ਦਾ ਘਿਰਾਓ ਕੀਤਾ ਜਾਵੇਗਾ। ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਤੇ ਹੋਰ ਜਥੇਬੰਦੀਆਂ ਵੱਲੋਂ ਚੱਲ ਰਹੇ ਮੋਰਚਿਆਂ ਵਿਚ ਵੱਖ-ਵੱਖ ਮੰਗਾਂ ਤੇ ਏਕਤਾ ਬਾਰੇ ਦੱਸਿਆ। ਉਨ੍ਹਾਂ ਪਾਣੀਆਂ ਦੇ ਮਸਲੇ ਤੇ ਜਥੇਬੰਦੀ ਦੀ ਨੀਤੀ ਪਾਲਸੀ ਮੁਤਾਬਕ ਇਕੱਤਰਤਾ ਨੂੰ ਜਾਣਕਾਰੀ ਦਿੱਤੀ ਤੇ ਪਾਣੀ ਦੇ ਮਸਲਿਆਂ ਤੇ ਸਾਰੀਆਂ ਹੀ ਵੋਟ ਸਿਆਸੀ ਪਾਰਟੀਆਂ ਵੱਲੋਂ ਆਪਣੇ ਹੇਜ ਪੂਰਨ ਲਈ ਅਪਣਾਈਆਂ ਚਾਲਾਂ ਦਾ ਜ਼ਿਕਰ ਕੀਤਾ। ਬਲਰਾਜ ਜੋਸ਼ੀ ਜ਼ਿਲ੍ਹਾ ਸੰਗਠਨ ਸਕੱਤਰ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਹਰਿਆਣਾ ਤੇ ਹੋਰ ਸੂਬਿਆਂ ਵਿੱਚ ਏਕਤਾ ਦੀ ਸਾਂਝ ਵਿਕਸਿਤ ਹੋਈ ਹੈ, ਉਸ ਨੂੰ ਖੋਰਾਂ ਲੱਗਣ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਤਲਵਿੰਦਰ ਸਿੰਘ ਖਰੌੜ ਆਗੂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਕਿਸਾਨ ਆਗੂ ਜਗਮੇਲ ਸਿੰਘ ਗਾਜੇਵਾਸ ਜ਼ਿਲ੍ਹਾ ਵਿੱਤ ਸਕੱਤਰ, ਅਵਤਾਰ ਸਿੰਘ ਫੱਗਣਮਾਜਰਾ, ਭਰਪੂਰ ਸਿੰਘ ਗਾਜੇਵਾਸ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।