ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਰੋਸ ਧਰਨਾ
ਕਿਸਾਨ ਮਜਦੂਰ ਜਥੇਬੰਦੀਆਂ ਵਲੋਂ ਧਰੇੜੀ ਜੱਟਾਂ ਟੋਲ ਪਲਾਜਾ ਵਿਖੇ ਵਿਸ਼ਾਲ ਧਰਨਾ
Publish Date: Mon, 23 Feb 2026 05:20 PM (IST)
Updated Date: Mon, 23 Feb 2026 05:22 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਸੋਮਵਾਰ ਨੂੰ ਪਟਿਆਲਾ ਰਾਜਪੁਰਾ ਰੋਡ ਨੈਸ਼ਨਲ ਹਾਈਵੇ ਨੰਬਰ 7 ’ਤੇ ਪਿੰਡ ਧਰੇੜੀ ਜੱਟਾਂ ਵਿਖੇ ਸਥਿਤ ਟੋਲ ਪਲਾਜ਼ਾ ਵਿਖੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਏਆਈ, ਜੀਪੀਐਸ ਅਤੇ ਬੂਥ ਰਹਿਤ ਪ੍ਰਣਾਲੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਭਾਰਤ ਦੇ ਵਿਸ਼ਾਲ ਸੜਕ ਜਾਲ ਹੇਠ ਕੰਮ ਕਰ ਰਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧੀਨ ਸੈਂਕੜੇ ਟੋਲ ਪਲਾਜ਼ਿਆਂ ’ਤੇ ਲੱਖਾਂ ਮਜ਼ਦੂਰ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਲਈ ਸੇਵਾਵਾਂ ਨਿਭਾ ਰਹੇ ਹਨ, ਇਹ ਟੋਲ ਪਲਾਜੇ ਗਰੀਬ ਅਤੇ ਮਜ਼ਦੂਰ ਵਰਗ ਲਈ ਰੁਜ਼ਗਾਰ ਦਾ ਇੱਕ ਮਹੱਤਵਪੂਰਨ ਸਰੋਤ ਬਣੇ ਹੋਏ ਹਨ। ਪਰ ਹੁਣ ਨਵੀਂ ਏਆਈ, ਜੀਪੀਐਸ ਅਤੇ ਬੂਥ ਰਹਿਤ ਪ੍ਰਣਾਲੀ ਲਾਗੂ ਹੋਣ ਨਾਲ ਜਿਥੇ ਲੱਖਾਂ ਵਰਕਰਾਂ ਦੀ ਨੌਕਰੀ ’ਤੇ ਖਤਰਾ ਖੜ੍ਹਾ ਹੋ ਗਿਆ ਹੈ ਉਥੇ ਹੀ ਵਾਹਨ ਚਾਲਕਾਂ ਨੂੰ ਭਾਰੀ ਜੁਰਮਾਨੇ ਭਰਨ ਦੀ ਨੌਬਤ ਆ ਜਾਵੇਗੀ। ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਦੇਸ਼ ’ਚ ਪਹਿਲਾਂ ਹੀ ਵੱਡੀ ਗਿਣਤੀ ਨੌਜਵਾਨ ਬੇਰੁਜ਼ਗਾਰ ਹਨ, ਅਜਿਹੀ ਨੀਤੀ ਨਾਲ ਹਾਲਾਤ ਹੋਰ ਗੰਭੀਰ ਹੋ ਜਾਣਗੇ ਅਤੇ ਨੌਜਵਾਨੀ ਭੁੱਖਮਰੀ, ਨਸ਼ੇ ਅਤੇ ਖੁਦਕਸ਼ੀਆਂ ਵੱਲ ਧੱਕੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀਕਲਾਂ ਦੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਟੋਲ ਪਲਾਜ਼ਾ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਜਥੇਬੰਦੀਆਂ ਟੋਲ ਪਲਾਜ਼ਾ ਮੁਲਾਜ਼ਮਾਂ ਦੇ ਸੰਘਰਸ਼ ’ਚ ਪੂਰਾ ਸਾਥ ਦੇਣਗੀਆਂ। ਇਸ ਮੌਕੇ ਸੁਖਵਿੰਦਰ ਸਿੰਘ ਸਫੇੜਾ, ਸੁਰਿੰਦਰਪਾਲ ਸਿੰਘ ਗੌਂਸਪੁਰਾ, ਅਮਰੀਕ ਸਿੰਘ ਬਹਾਦਰਗੜ੍ਹ, ਗੁਰਦੇਵ ਸਿੰਘ ਰਾਜਪੁਰਾ, ਸਤਵੰਤ ਸਿੰਘ ਬਹਾਦਰਗੜ੍ਹ, ਮਨਜੀਤ ਸਿੰਘ ਘੁਮਾਣਾ, ਤਜਿੰਦਰ ਸਿੰਘ ਮੋਹੀ, ਬਲਕਾਰ ਸਿੰਘ ਸੈਦਖੇੜੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ, ਮਜਦੂਰ ਅਤੇ ਮੁਲਾਜਮ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।