ਖਨਾਲ ਕਲਾਂ ਪੈਟਰੋਲ ਪੰਪ ’ਤੇ ਲੁੱਟ ਦਾ ਮਾਮਲਾ ਸੁਲਝਿਆ, 4 ਦੋਸ਼ੀ ਕਾਬੂ
ਖਨਾਲ ਕਲਾਂ ਪੈਟਰੋਲ ਪੰਪ ਲੁੱਟ ਮਾਮਲਾ ਸੁਲਝਿਆ, 4 ਦੋਸ਼ੀ ਕਾਬੂ
Publish Date: Mon, 01 Jun 2026 05:38 PM (IST)
Updated Date: Tue, 02 Jun 2026 04:04 AM (IST)

ਦੋ ਦੇਸੀ ਪਿਸਤੌਲ, ਕਾਰ, ਮੋਟਰਸਾਈਕਲ ਤੇ 4,800 ਰੁਪਏ ਬਰਾਮਦ ਅਸਲਾ ਯੂਪੀ ਤੋਂ ਲੇ ਕੇ ਆਏ ਸੀ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ਸੰਗਰੂਰ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਪਿੰਡ ਖਨਾਲ ਕਲਾਂ ਵਿਖੇ ਸਥਿਤ ਪੈਟਰੋਲ ਪੰਪ ਤੇ ਹੋਈ ਲੁੱਟਖੋਹ ਦੀ ਵਾਰਦਾਤ ਨੂੰ ਟਰੇਸ ਕਰਦਿਆਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਦੋ ਦੇਸੀ ਪਿਸਤੌਲ, ਵਾਰਦਾਤ ਵਿੱਚ ਵਰਤੀ ਗਈ ਇੱਕ ਸਵਿਫਟ ਡਿਜ਼ਾਇਰ ਕਾਰ, ਇਕ ਬਿਨਾਂ ਨੰਬਰੀ ਮੋਟਰਸਾਈਕਲ ਅਤੇ ਲੁੱਟੀ ਗਈ ਰਕਮ ਵਿੱਚੋਂ 4,800 ਰੁਪਏ ਬਰਾਮਦ ਕੀਤੇ ਹਨ। ਐੱਸਪੀਡੀ ਦਵਿੰਦਰ ਕੁਮਾਰ ਅੱਤਰੀ ਤੇ ਉਪ ਕਪਤਾਨ ਪੁਲਿਸ ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਦੀ ਨਿਗਰਾਨੀ ਹੇਠ ਕੀਤੀ ਗਈ। ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਖਨਾਲ ਕਲਾਂ ਦੇ ਇਕ ਪੈਟਰੋਲ ਪੰਪ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ 15 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਗਈ ਸੀ। ਇਸ ਸਬੰਧੀ ਥਾਣਾ ਦਿੜ੍ਹਬਾ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਮਾਮਲੇ ਨੂੰ ਸੁਲਝਾਉਣ ਲਈ ਥਾਣਾ ਦਿੜ੍ਹਬਾ ਅਤੇ ਸੀਆਈਏੇ ਸੰਗਰੂਰ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ਤੇ ਕੀਤੀ ਜਾਂਚ ਦੌਰਾਨ ਕਮਲਜੀਤ ਸਿੰਘ ਉਰਫ ਕਮਲ ਵਾਸੀ ਸਫੀਪੁਰ ਕਲਾਂ, ਕਮਲਪ੍ਰੀਤ ਸਿੰਘ ਉਰਫ ਹਰਮਨ ਵਾਸੀ ਕਮਾਲਪੁਰ, ਜੈਵੀਰ ਸਿੰਘ ਉਰਫ ਜੋਧੂ ਤੇ ਜਸ਼ਨ ਉਰਫ ਕਿੱਲੂ ਵਾਸੀ ਘਨੌੜ ਰਾਜਪੂਤਾਂ ਦੀ ਸ਼ਮੂਲੀਅਤ ਸਾਹਮਣੇ ਆਈ। ਪੁਲਿਸ ਨੇ ਚਾਰਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਕਮਲਜੀਤ ਸਿੰਘ ਕੋਲੋਂ ਦੋ ਦੇਸੀ ਪਿਸਤੌਲ .32 ਬੋਰ, ਕਮਲਪ੍ਰੀਤ ਸਿੰਘ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਅਤੇ ਬਿਨਾਂ ਨੰਬਰੀ ਮੋਟਰਸਾਈਕਲ, ਜਦਕਿ ਜਸ਼ਨ ਉਰਫ ਕਿੱਲੂ ਕੋਲੋਂ ਲੁੱਟੀ ਗਈ ਰਕਮ ਵਿੱਚੋਂ 4,800 ਰੁਪਏ ਬਰਾਮਦ ਕੀਤੇ ਅਤੇ ਇਹ ਅਸਲਾ ਯੂਪੀ(ਉੱਤਰ ਪ੍ਰਦੇਸ਼) ਤੋੱ ਲੇ ਕੇ ਆਏ ਸੀ ਅਤੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦੇਣਾ ਸੀ। ਕਪਤਾਨ ਪੁਲਿਸ ਅੱਤਰੀ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਤਫਤੀਸ਼ ਦੌਰਾਨ ਕਈ ਅਹਿਮ ਸੁਰਾਗ ਹਾਸਲ ਹੋਏ ਹਨ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।