ਡਾ. ਰੂਪੀ ਧੀਰ ਨੂੰ ਮਿਲਿਆ ‘ਬੈਸਟ ਸਾਇੰਸ ਟੀਚਰ’ ਐਵਾਰਡ
ਡਾ. ਰੂਪੀ ਧੀਰ ਨੂੰ ਮਿਲਿਆ ’ਬੈਸਟ ਸਾਇੰਸ ਟੀਚਰ’ ਐਵਾਰਡ
Publish Date: Mon, 16 Feb 2026 05:06 PM (IST)
Updated Date: Mon, 16 Feb 2026 05:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਕੈਮਿਸਟਰੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਰੂਪੀ ਧੀਰ ਨੂੰ ਵੱਕਾਰੀ ‘ਪੰਜਾਬ ਅਕੈਡਮੀ ਆਫ਼ ਸਾਇੰਸਜ਼’ ਵੱਲੋਂ ’ਬੈਸਟ ਸਾਇੰਸ ਟੀਚਰ (ਕਾਲਜ)ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ 29ਵੀਂ ਪੰਜਾਬ ਸਾਇੰਸ ਕਾਂਗਰਸ ਦੇ ਸਮਾਪਤੀ ਸਮਾਰੋਹ ਦੌਰਾਨ ਦਿੱਤਾ ਗਿਆ। ਇਸ ਮੌਕੇ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਅਹੂਜਾ, ਕੈਨੇਡਾ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਦੇ ਵਾਈਸ ਚਾਂਸਲਰ ਡਾ. ਜੇਮਜ਼ ਮੈਂਡੀਗੋ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਡਾ. ਆਰ.ਸੀ. ਸੋਬਤੀ, ਪੰਜਾਬ ਅਕੈਡਮੀ ਆਫ਼ ਸਾਇੰਸਜ਼ ਦੇ ਪ੍ਰਧਾਨ ਪ੍ਰੋ. ਤਰਲੋਕ ਸਿੰਘ ਅਤੇ ਸਕੱਤਰ ਪ੍ਰੋ. ਐਨ.ਆਰ. ਧਾਮੀਵਾਲ ਵਰਗੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਡਾ. ਰੂਪੀ ਧੀਰ ਦੀ ਇਸ ਅਕਾਦਮਿਕ ਪ੍ਰਾਪਤੀ ਵਿਚ ਇਕ ਹੋਰ ਵੱਡਾ ਮੀਲ ਪੱਥਰ ਉਸ ਵੇਲੇ ਜੁੜਿਆ ਜਦੋਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਨਿਵੇਕਲੀ ਖੋਜ ਲਈ ਪੇਟੈਂਟ ਗ੍ਰਾਂਟ ਕੀਤਾ ਗਿਆ। ਉਨ੍ਹਾਂ ਦੀ ਇਹ ਖੋਜ ‘ਸੈਲਫ-ਹੀਲਿੰਗ ਹਾਈਡ੍ਰੋਜੈਲ’ ’ਤੇ ਅਧਾਰਿਤ ਹੈ, ਜਿਸ ਵਿਚ ਮੈਟਲ ਆਕਸਾਈਡ ਨੈਨੋ-ਪਾਰਟੀਕਲਸ ਤੇ ਮੈਟਲ ਆਇਨ ਕੋ-ਕ੍ਰਿਸਟਲਸ ਦੀ ਵਰਤੋਂ ਕੀਤੀ ਗਈ ਹੈ। ਇਹ ਸਮਾਰਟ ਮਟੀਰੀਅਲ ਆਉਣ ਵਾਲੇ ਸਮੇਂ ਵਿਚ ਬਾਇਓਮੈਡੀਕਲ ਰਿਸਰਚ, ਟਿਸ਼ੂ ਇੰਜੀਨੀਅਰਿੰਗ ਅਤੇ ਜ਼ਖ਼ਮਾਂ ਦੇ ਇਲਾਜ ਵਿਚ ਕ੍ਰਾਂਤੀਕਾਰੀ ਸਿੱਧ ਹੋ ਸਕਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਡਾ. ਰੂਪੀ ਧੀਰ ਨੂੰ ਮੁਬਾਰਕਬਾਦ ਦਿੱਤੀ। ਡਾ. ਧੀਰ ਵਲੋਂ ਆਪਣੀ ਇਸ ਸਫ਼ਲਤਾ ਦਾ ਸਿਹਰਾ ਕਾਲਜ ਦੇ ਅਕਾਦਮਿਕ ਵਾਤਾਵਰਨ ਅਤੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਲਗਾਤਾਰ ਹੱਲਾਸ਼ੇਰੀ ਨੂੰ ਦਿੱਤਾ ਗਿਆ ਹੈ। ਕਾਲਜ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਡਾ. ਰੂਪੀ ਧੀਰ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਗਈ।