- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਕਾਲਜ ਵਿੱਚ ਬ੍ਰੈਡ ਬਣਾਉਣ ਦੀਆਂ ਤਕਨੀਕਾਂ ’ਤੇ ਇਕ ਰੋਜ਼ਾ ਵਰਕਸ਼ਾਪ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪਟਿਆਲਾ : ਖਾਲਸਾ ਕਾਲਜ ਪਟਿਆਲਾ ਵਿਖੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ, ਬਾਇਓਟੈਕਨਾਲੋਜੀ ਵਿਭਾਗ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਸਾਂਝੇ ਉੱਦਮ ਨਾਲ ‘ਬ੍ਰੈਡ ਬਣਾਉਣ ਦੀਆਂ ਤਕਨੀਕਾਂ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬ੍ਰੈਡ ਬਣਾਉਣ ਦੇ ਬੁਨਿਆਦੀ ਸਿਧਾਂਤਾਂ ਅਤੇ ਤਕਨੀਕਾਂ ਦੀ ਪ੍ਰੈਕਟੀਕਲ ਜਾਣਕਾਰੀ ਦੇਣਾ ਸੀ, ਤਾਂ ਜੋ ਉਹ ਕਲਾਸਰੂਮ ਵਿੱਚ ਹਾਸਲ ਗਿਆਨ ਨੂੰ ਵਿਹਾਰਕ ਹੁਨਰ ਨਾਲ ਜੋੜ ਸਕਣ। ਪ੍ਰੈਕਟੀਕਲ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਟੇ ਦੀ ਗੁੰਨ੍ਹਾਈ, ਖਮੀਰ ਉਠਾਉਣ (ਫਰਮੈਂਟੇਸ਼ਨ), ਪ੍ਰੂਫਿੰਗ ਅਤੇ ਬੇਕਿੰਗ ਦੀ ਪ੍ਰਕਿਰਿਆ ਨੂੰ ਨੇੜਿਓਂ ਸਮਝਿਆ। ਇਸ ਦੌਰਾਨ ਗਲੂਟਨ ਦੇ ਵਿਕਾਸ ਅਤੇ ਤਾਪਮਾਨ ਦੇ ਪ੍ਰਭਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਰਕਸ਼ਾਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਹੁਨਰ-ਮੁਖੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਨਵੇਂ ਮੌਕਿਆਂ ਦੀ ਪਛਾਣ ਕਰਨ ਵਿਚ ਸਹਾਇਕ ਹੁੰਦੇ ਹਨ। ਆਈਆਈਸੀ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਅਤੇ ਕਨਵੀਨਰ ਡਾ. ਰਤਨ ਪਾਲ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਦੇ ਨਾਲ ਉੱਦਮੀ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੀ ਮੈਂਟਰ ਡਾ. ਰੋਜ਼ੀ ਬਾਂਸਲ, ਸਟਾਰਟਅੱਪ ਕੋਆਰਡੀਨੇਟਰ, ਨੇ ਵਿਦਿਆਰਥੀਆਂ ਨੂੰ ਬੇਕਰੀ ਖੇਤਰ ਵਿੱਚ ਨਵੇਂ ਉਤਪਾਦ ਤਿਆਰ ਕਰਨ ਅਤੇ ਸਟਾਰਟਅੱਪ ਸ਼ੁਰੂ ਕਰਨ ਸਬੰਧੀ ਮਾਰਗਦਰਸ਼ਨ ਦਿੱਤਾ। ਬਾਇਓਟੈਕਨਾਲੋਜੀ ਵਿਭਾਗ ਦੇ ਡਾ. ਨਿਪੁੰਨਜੋਤ ਕੌਰ, ਡਾ. ਮਨਸੀਮਰਨ ਕੌਰ, ਡਾ. ਹਿਮਲੇਸ਼, ਡਾ. ਜਸਵੀਰ ਕੌਰ, ਡਾ. ਗੁਰਜੈਸਮੀਨ ਅਤੇ ਪ੍ਰੋ. ਮੰਨਤ ਨੇ ਵੀ ਯੋਗਦਾਨ ਪਾਇਆ।