- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਪੀੜ੍ਹੀਆਂ ਤੋਂ ਮਿੱਟੀ ਦੇ ਭਾਂਡੇ ਬਣਾਉਣ ਦੀ ਰਵਾਇਤ ਨੂੰ ਰੱਖਿਆ ਜਿਉਂਦਾ

ਰਾਕੇਸ਼ ਸ਼ਰਮਾ, ਪੰਜਾਬੀ ਜਾਗਰਣ, ਭੁਨਰਹੇੜੀ : ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿਚ ਰੌਣਕਾਂ ਵਧਣ ਲੱਗ ਪਈਆਂ ਹਨ। ਇੱਕ ਪਾਸੇ ਜਿੱਥੇ ਆਧੁਨਿਕ ਸਜਾਵਟੀ ਸਾਮਾਨ ਤੇ ਬਿਜਲੀ ਦੀਆਂ ਲੜੀਆਂ ਲੋਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕੁਝ ਪਰਿਵਾਰ ਅੱਜ ਵੀ ਆਪਣੀ ਪੁਰਾਣੀ ਵਿਰਾਸਤ ਤੇ ਰਵਾਇਤੀ ਕਲਾ ਨੂੰ ਸੰਭਾਲਣ ਵਿਚ ਜੁਟੇ ਹੋਏ ਹਨ। ਅਜਿਹਾ ਹੀ ਇਕ ਹਲਕਾ ਸਨੌਰ ਦੇ ਪਿੰਡ ਪੰਜੇਟਾ ਦੇ ਕਈ ਪ੍ਰਜਾਪਤ ਪਰਿਵਾਰ ਹਨ, ਜੋ ਕਈ ਪੀੜ੍ਹੀਆਂ ਤੋਂ ਕੱਚੀ ਮਿੱਟੀ ਦੇ ਭਾਂਡੇ ਤੇ ਦੀਵੇ ਬਣਾਉਣ ਦੀ ਰਵਾਇਤ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ। ਅਤੇ ਅੱਜ ਦੇ ਸਮੇਂ ਵਿਚ ਵੀ ਸਾਡੇ ਲੋਕ ਕੱਚੇ ਮਿੱਟੀ ਦੇ ਭਾਂਡਿਆਂ ’ਚ ਪਾਣੀ ਪੀਣਾ ਘੜਿਆਂ ’ਚ ਠੰਢਾ ਪਾਣੀ ਕੁੱਲੜ ਦੀ ਚਾਹ ਹਾਈ ਬ੍ਰੈਂਡ ਦੇ ਰੈਸਟੋਰੈਂਟਾਂ ਵਿਚ ਵੀ ਦੇਖਣ ਨੂੰ ਮਿਲਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦਿਆਂ ਇਹ ਪਰਿਵਾਰ ਮਿੱਟੀ ਦੇ ਦੀਵੇ ਤੇ ਹੋਰ ਰਵਾਇਤੀ ਭਾਂਡੇ ਤਿਆਰ ਕਰਦੇ ਹਨ, ਜਿਨ੍ਹਾਂ ਨਾਲ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਅਤੇ ਦੀਪ ਜਗਾ ਕੇ ਤਿਉਹਾਰ ਮਨਾਉਂਦੇ ਹਨ। ਮਿੱਟੀ ਦੇ ਭਾਂਡੇ ਤੇ ਦੀਵੇ ਆਦਿ ਬਣਾਉਣ ਵਾਲੇ ਰਾਮ ਗੋਪਾਲ ਨੇ ਦੱਸਿਆ ਕਿ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਭਾਰਤੀ ਜੀਵਨ-ਸ਼ੈਲੀ ਦਾ ਅਹਿਮ ਹਿੱਸਾ ਰਹੀ ਹੈ। ਪੁਰਾਣੇ ਸਮਿਆਂ ਵਿਚ ਲੋਕ ਪਾਣੀ ਰੱਖਣ ਅਤੇ ਖਾਣ-ਪੀਣ ਲਈ ਮਿੱਟੀ ਦੇ ਭਾਂਡਿਆਂ ਦੀ ਵਿਆਪਕ ਵਰਤੋਂ ਕਰਦੇ ਸਨ। ਅੱਜ ਵੀ ਬਹੁਤ ਸਾਰੇ ਲੋਕ ਰਵਾਇਤੀ ਮਿੱਟੀ ਦੇ ਭਾਂਡਿਆਂ ਨੂੰ ਪਸੰਦ ਕਰਦੇ ਹਨ। ਹਾਲਾਂਕਿ, ਭਾਂਡਿਆਂ ਦੀ ਸੁਰੱਖਿਅਤ ਵਰਤੋਂ ਲਈ ਉਨ੍ਹਾਂ ਦੀ ਮਿੱਟੀ, ਤਿਆਰੀ ਤੇ ਪਕਾਉਣ ਦੇ ਢੰਗ ਦਾ ਠੀਕ ਹੋਣਾ ਜ਼ਰੂਰੀ ਹੈ। ਦੀਵਾਲੀ ਮੌਕੇ ਮਿੱਟੀ ਦਾ ਇੱਕ ਛੋਟਾ ਜਿਹਾ ਦੀਵਾ ਵੀ ਸਿਰਫ਼ ਰੌਸ਼ਨੀ ਦਾ ਸਾਧਨ ਨਹੀਂ ਹੁੰਦਾ, ਸਗੋਂ ਇਹ ਸਾਡੀਆਂ ਪੁਰਾਣੀਆਂ ਪਰੰਪਰਾਵਾਂ, ਕਾਰੀਗਰਾਂ ਦੀ ਮਿਹਨਤ ਅਤੇ ਦੇਸੀ ਵਿਰਸੇ ਦੀ ਨਿਸ਼ਾਨੀ ਹੈ। ਇਸ ਲਈ ਆਓ, ਇਸ ਦੀਵਾਲੀ ਸਥਾਨਕ ਕਾਰੀਗਰਾਂ ਦਾ ਸਾਥ ਦੇਈਏ, ਦੇਸੀ ਵਸਤਾਂ ਨੂੰ ਅਪਣਾਈਏ ਅਤੇ ਆਪਣੀ ਰਵਾਇਤੀ ਕਲਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਯੋਗਦਾਨ ਪਾਈਏ।