- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ 2026 ਵਿੱਚ ਕਾਰਜਨੀਤ ਕੌਰ ਨੇ ਜਿੱਤੇ ਦੋ ਮੈਡਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ‘ਖੇਡਾਂ ਵਤਨ ਪੰਜਾਬ’ ਦੀਆਂ 2026 ਦੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਉੱਭਰਦੀ ਹੋਈ ਇਨਲਾਈਨ ਸਕੇਟਿੰਗ ਖਿਡਾਰਨ ਕਾਰਜਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਵੱਖ-ਵੱਖ ਰੇਸਾਂ ਵਿਚ 2 ਤਮਗੇ ਜਿੱਤ ਕੇ ਆਪਣੇ ਮਾਪਿਆਂ, ਕੋਚ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦੇ ਅਨੁਸਾਰ ਖਿਡਾਰਨ ਕਾਰਜਨੀਤ ਕੌਰ ਨੇ 1000 ਮੀਟਰ ਰਿੰਕ ਰੇਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ (ਪਹਿਲਾ ਸਥਾਨ) ਅਤੇ 2000 ਮੀਟਰ ਰੋਡ ਰੇਸ ਵਿੱਚ ਚਾਂਦੀ ਦਾ ਤਮਗਾ (ਦੂਜਾ ਸਥਾਨ) ਹਾਸਲ ਕੀਤਾ। ਇਹ ਪ੍ਰਾਪਤੀ ਕਾਰਜਨੀਤ ਦੀ ਲਗਾਤਾਰ ਮਿਹਨਤ, ਸਖ਼ਤ ਅਭਿਆਸ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਛੋਟੀ ਉਮਰ ਵਿਚ ਸਕੇਟਿੰਗ ਦੇ ਖੇਤਰ ਵਿਚ ਲਗਾਤਾਰ ਪ੍ਰਾਪਤੀਆਂ ਕਰ ਰਹੀ ਕਾਰਜਨੀਤ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਨਾਲ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਕਾਰਜਨੀਤ ਦੀ ਇਸ ਦੋਹਰੀ ਪ੍ਰਾਪਤੀ ਨਾਲ ਪਰਿਵਾਰ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਵਾਹਿਗੁਰੂ ਜੀ ਦੀ ਮਿਹਰ, ਮਾਪਿਆਂ ਦੇ ਸਹਿਯੋਗ ਅਤੇ ਕੋਚ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਨੂੰ ਦਿੱਤਾ। ਕਾਰਜਨੀਤ ਨੇ ਕਿਹਾ ਕਿ ਉਸ ਦਾ ਟੀਚਾ ਆਉਣ ਵਾਲੇ ਸਮੇਂ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰਨਾ ਹੈ।