ਨਹਿਰ ’ਤੇ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਕੈਂਥ ਨੇ ਸਰਕਾਰ ਨੂੰ ਘੇਰਿਆ 36 ਕਰੋੜ ਦੀ ਨਹਿਰ ’ਤੇ ਸੁਰੱਖਿਆ ਪ੍ਰਬੰਧ ਨਾ ਹੋਣ ’ਤੇ ਕੈਂਥ ਨੇ ਸਰਕਾਰ ਨੂੰ ਘੇਰਿਆ
Publish Date: Wed, 19 Aug 2026 06:12 PM (IST)
Updated Date: Wed, 19 Aug 2026 06:15 PM (IST)
ਫੋਟੋ 19ਪੀਟੀਐਲ: 19: ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਸਰਕਾਰ ’ਤੇ ਵਿਕਾਸ ਦੇ ਦਾਅਵਿਆਂ ਦੇ ਬਾਵਜੂਦ ਲੋਕਾਂ ਦੀ ਸੁਰੱਖਿਆ ਨੂੰ ਅਣਦੇਖਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਪਿੰਡ ਭੋੜੇ ਵਿਖੇ ਪਹੁੰਚ ਕੇ ਹਾਲ ਹੀ ਵਿਚ ਹਾਦਸੇ ਦਾ ਸ਼ਿਕਾਰ ਹੋਏ 14 ਸਾਲਾ ਹਰਿਮੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੈਂਥ ਨੇ ਕਿਹਾ ਕਿ ਦੂਜੀ ਪਟਿਆਲਾ ਫੀਡਰ ਨਹਿਰ ਕਈ ਪਿੰਡਾਂ ’ਚੋਂ ਲੰਘਦੀ ਹੈ। ਨਹਿਰ ਦੇ ਕਰੀਬ 24 ਕਿਲੋਮੀਟਰ ਲੰਬੇ ਕੰਕਰੀਟ-ਲਾਈਨ ਵਾਲੇ ਹਿੱਸੇ ’ਤੇ ਲਗਭਗ 36 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਦੀ ਸਮਰੱਥਾ 900 ਕਿਊਸਿਕ ਤੋਂ ਵਧਾ ਕੇ 1,617 ਕਿਊਸਿਕ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਹਿਰ ਦੀ ਸਮਰੱਥਾ ਵਧਾਉਣ ਦੇ ਬਾਵਜੂਦ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀ ਰੇਲਿੰਗ, ਮਜ਼ਬੂਤ ਬੰਨ੍ਹ ਅਤੇ ਚੇਤਾਵਨੀ ਸੰਕੇਤਾਂ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰਿਮੰਦਰ ਸਿੰਘ ਨਾਲ ਵਾਪਰਿਆ ਹਾਦਸਾ ਸਰਕਾਰ ਅਤੇ ਸਬੰਧਤ ਵਿਭਾਗ ਲਈ ਖ਼ਤਰੇ ਦੀ ਘੰਟੀ ਹੈ। ਨਹਿਰ ਨੇੜੇ ਲੋਕਾਂ, ਪਸ਼ੂਆਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕੈਂਥ ਨੇ ਪੰਜਾਬ ਸਰਕਾਰ ਅਤੇ ਸਿੰਚਾਈ ਵਿਭਾਗ ਤੋਂ ਨਹਿਰ ਦਾ ਤੁਰੰਤ ਸੁਰੱਖਿਆ ਆਡਿਟ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਖ਼ਤਰਨਾਕ ਸਥਾਨਾਂ ’ਤੇ ਰੇਲਿੰਗ, ਮਜ਼ਬੂਤ ਬੰਨ੍ਹ, ਚੇਤਾਵਨੀ ਬੋਰਡ, ਰਿਫਲੈਕਟਰ ਅਤੇ ਰੌਸ਼ਨੀ ਦੇ ਪ੍ਰਬੰਧ ਕੀਤੇ ਜਾਣ।