- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜ਼ਦੂਰਾਂ ਨੂੰ ਕੰਮ ਤੇ ਦਿਹਾੜੀ ਨਾ ਮਿਲਣ ’ਤੇ ਕੈਂਥ ਨੇ ਸਰਕਾਰ ਤੋਂ ਜਵਾਬ ਮੰਗਿਆ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਪਟਿਆਲਾ : ਭਾਰਤੀ ਜਨਤਾ ਪਾਰਟੀ ਐੱਸਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਨਾਭਾ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ’ਚ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਕੰਮ ਦੀ ਵੰਡ ਅਤੇ ਦਿਹਾੜੀ ਦੀ ਅਦਾਇਗੀ ਸਬੰਧੀ ਗੰਭੀਰ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਕੰਮ ਨਹੀਂ ਮਿਲ ਰਿਹਾ ਤੇ ਕਈ ਮਾਮਲਿਆਂ ਵਿਚ ਕੰਮ ਕਰਨ ਦੇ ਬਾਵਜੂਦ ਦਿਹਾੜੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਕੈਂਥ ਨੇ ਕਿਹਾ ਕਿ ਗਰੀਬ ਮਜ਼ਦੂਰ ਦੀ ਦਿਹਾੜੀ ਕਿਸੇ ਸਿਆਸੀ ਪਾਰਟੀ ਦੀ ਮਿਹਰਬਾਨੀ ਨਹੀਂ, ਸਗੋਂ ਉਸ ਦਾ ਹੱਕ ਹੈ ਜੇਕਰ ਯੋਗ ਮਜ਼ਦੂਰ ਕੰਮ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਜਾਂ ਕੰਮ ਕਰਨ ਤੋਂ ਬਾਅਦ ਮਜ਼ਦੂਰੀ ਦੀ ਅਦਾਇਗੀ ਲਟਕਾਈ ਜਾ ਰਹੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਨਾਭਾ ਹਲਕੇ ਦੇ ਪਿੰਡਾਂ ਵਿਚ ਕੰਮ ਦੀ ਮੰਗ, ਮਨਜ਼ੂਰ ਕੰਮ, ਮਸਟਰ ਰੋਲ, ਕੰਮ ਕੀਤੇ ਦਿਨ ਅਤੇ ਮਜ਼ਦੂਰੀ ਦੀ ਅਦਾਇਗੀ ਦਾ ਵੇਰਵਾ ਜਨਤਕ ਕੀਤਾ ਜਾਵੇ। ਜਿੱਥੇ ਵੀ ਪੱਖਪਾਤ ਜਾਂ ਬੇਨਿਯਮੀ ਦੀ ਸ਼ਿਕਾਇਤ ਹੈ, ਉੱਥੇ ਜ਼ਿੰਮੇਵਾਰੀ ਤੈਅ ਕਰਕੇ ਕਾਰਵਾਈ ਕੀਤੀ ਜਾਵੇ। ਕੈਂਥ ਨੇ ਕਿਹਾ ਕਿ ਸਰਕਾਰ ਨੂੰ ਪਿੰਡਾਂ ਵਿਚ ਰੁਜ਼ਗਾਰ ਦੀ ਜ਼ਮੀਨੀ ਹਕੀਕਤ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਕਾਇਆ ਦਿਹਾੜੀਆਂ ਦਾ ਭੁਗਤਾਨ ਕਰਵਾਉਣ ਦੇ ਨਾਲ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ।