
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੰਬੋਜ ਨੇ ਪਾਈਪਲਾਈਨ ਦੀ ਘਟੀਆ ਕੁਆਲਿਟੀ ਦਾ ਮੁੱਦਾ ਚੁੱਕਿਆ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ ਸਮੇਤ ਹੋਰਨਾਂ ਆਗੂਆਂ ਨਾਲ ਪੁਰਾਣਾ ਰਾਜਪੁਰਾ ਵਿਖੇ ਵਿਛਾਈ ਜਾ ਰਹੀ ਵਾਟਰ ਸਪਲਾਈ ਪਾਈਪਲਾਈਨ ਦੀ ਗੁਣਵੱਤਾ ਦਾ ਜਾਇਜ਼ਾ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਇੱਥੇ ਘਟੀਆ ਕੁਆਲਿਟੀ ਦੀ ਪਾਈਪਲਾਈਨ ਵਿਛਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕੰਮ ਦੀ ਗੁਣਵੱਤਾ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾ ਕਿਹਾ ਕਿ ਇਹ ਪ੍ਰੋਜੈਕਟ ‘ਅੰਮ੍ਰਿਤ 2.0’ ਤਹਿਤ ਸਾਲ 2021 ਵਿਚ ਮਤਾ ਪਾਸ ਕਰਕੇ ਲਿਆਂਦਾ ਗਿਆ ਸੀ, ਪਰ ਸਰਕਾਰ ਦੀ ਕਥਿਤ ਲਾਪਰਵਾਹੀ ਕਾਰਨ ਇਹ ਸਮੇਂ ਸਿਰ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਜੇਕਰ ਮਾੜੀ ਗੁਣਵੱਤਾ ਵਾਲਾ ਮਟੀਰੀਅਲ ਵਰਤਿਆ ਜਾਂਦਾ ਹੈ ਤਾਂ ਇਹ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੰਮ ਦੀ ਨਿਰਪੱਖ ਜਾਂਚ ਕਰਵਾਉਣ ਦੇ ਨਾਲ ਮਿਆਰੀ ਮਟੀਰੀਅਲ ਦੀ ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਘਟੀਆ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਾਮਲੇ ਨੂੰ ਵੱਡੇ ਪੱਧਰ ’ਤੇ ਉਠਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਅਮਨਦੀਪ ਸਿੰਘ ਨਾਗੀ, ਸਾਬਕਾ ਕੌਂਸਲਰ ਜਗਨੰਦਨ ਗੁਪਤਾ, ਅਮਰਜੀਤ ਸਿੰਘ ਲਿੰਕਨ, ਮਲਕੀਤ ਸਿੰਘ ਉੱਪਲਹੇੜੀ, ਨਵਦੀਪ ਸਿੰਘ ਨਵੀ, ਗੁਰਪ੍ਰੀਤ ਸਿੰਘ ਸਮੇਤ ਹੋਰ ਹਾਜ਼ਰ ਸਨ।