ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਸੰਭਵ : ਧਾਲੀਵਾਲ ਕਮਲ ਧਾਲੀਵਾਲ ਵੱਲੋਂ ਗੁਰਦੁਆਰਾ ਸਿੰਘ ਸਭਾ ਦੀ ਕਾਰ ਪਾਰਕਿੰਗ ਲਈ ਇੱਕ ਲੱਖ ਰੁਪਏ ਦੀ ਸੇਵਾ
Publish Date: Wed, 25 Nov 2026 04:24 PM (IST)
Updated Date: Thu, 26 Nov 2026 04:04 AM (IST)
ਧਾਲੀਵਾਲ ਵੱਲੋਂ ਗੁਰਦੁਆਰਾ ਸਿੰਘ ਸਭਾ ਦੀ ਕਾਰ ਪਾਰਕਿੰਗ ਲਈ ਇੱਕ ਲੱਖ ਦੀ ਸੇਵਾ ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਪਹਿਲੇ ਪਾਤਸ਼ਾਹ, ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ, ਅਹਿਮਦਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਗੁਰਪੁਰਬ ਸਮਾਗਮ ਵਿੱਚ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਤੇ ਸੇਵਾਦਾਰ ਕਮਲ ਧਾਲੀਵਾਲ ਨੇ ਸ਼ਰਧਾ ਸਹਿਤ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ। ਇਸ ਪਵਿੱਤਰ ਦਿਹਾੜੇ ਤੇ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਾਸਤੇ ਖ਼ਰੀਦੀ ਗਈ ਜਗ੍ਹਾ ਦੀ ਚੱਲ ਰਹੀ ਸੇਵਾ ਲਈ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਚੋਂ 1 ਲੱਖ ਰੁਪਏ ਦੀ ਰਾਸ਼ੀ ਗੁਰੂ ਘਰ ਦੇ ਚਰਨਾਂ ਵਿੱਚ ਭੇਂਟ ਕੀਤੀ ਗਈ। ਇਸ ਮੌਕੇ ਕਮਲ ਧਾਲੀਵਾਲ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਲੋਕਾਈ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਜੋ ਮਹਾਨ ਫ਼ਲਸਫ਼ਾ ਬਖ਼ਸ਼ਿਆ ਹੈ, ਸਾਨੂੰ ਸਾਰਿਆਂ ਨੂੰ ਉਸ ਵਿਚਾਰਧਾਰਾ ਤੇ ਚੱਲਦਿਆਂ ਮਾਨਵਤਾ ਅਤੇ ਗੁਰੂ ਘਰ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਮਨੁੱਖ ਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਘਰ ਦੇ ਇਸ ਕਾਰਜ ਵਿੱਚ ਨਿਮਾਣਾ ਜਿਹਾ ਹਿੱਸਾ ਪਾ ਕੇ ਉਹ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦੇ ਹਨ। ਇਸ ਦੌਰਾਨ ਗੁਰਦੁਆਰਾ ਸਿੰਘ ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਕਮਲ ਧਾਲੀਵਾਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਕਮਲ ਧਾਲੀਵਾਲ ਵੱਲੋਂ ਹਮੇਸ਼ਾ ਹੀ ਇਲਾਕੇ ਦੇ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ, ਜੋ ਕਿ ਸਾਰਿਆਂ ਲਈ ਪ੍ਰੇਰਨਾਦਾਇਕ ਹੈ। ਇਸ ਮੌਕੇ ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਐੱਮਸੀ ਵਿੱਕੀ ਟੰਡਨ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਘੇਲ ਸਿੰਘ ਉੱਬੀ, ਐੱਮਸੀ ਰਿੰਪੀ ਕੜਵਲ ਅਤੇ ਐੱਮਸੀ ਕਮਿੱਕਰ ਰਾਮ ਹਾਜ਼ਰ ਸਨ।