- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕਾਲੀ ਮਾਤਾ ਮੰਦਰ ਵਿਖੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਵੱਲੋਂ ਹਰ ਮੰਗਲਵਾਰ ਦੀ ਤਰ੍ਹਾਂ ਉੱਤਰ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਸਨਾਤਨ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ। ਇਸ ਮੌਕੇ ਪ੍ਰਸਿੱਧ ਕਥਾਵਾਚਕ ਆਚਾਰੀਆ ਆਸ਼ੀਸ਼ ਭੱਟ ਨੇ ਵਿਆਸ ਪੀਠ ਤੋਂ ਸੰਗਤ ਨੂੰ ਧਾਰਮਿਕ ਪ੍ਰਵਚਨ ਸੁਣਾਏ। ਉਨ੍ਹਾਂ ਨੇ ਗਜੇਂਦਰ ਮੋਖਸ਼ ਦੀ ਕਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਸ਼ਕਲ ਸਮੇਂ ’ਚ ਜਦੋਂ ਆਪਣੇ ਵੀ ਸਾਥ ਛੱਡ ਜਾਂਦੇ ਹਨ ਤਾਂ ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਸੱਚਾ ਸਹਾਰਾ ਬਣਦਾ ਹੈ। ਪਰਮਾਤਮਾ ਨੂੰ ਸੱਚੇ ਦਿਲ ਤੇ ਸ਼ਰਧਾ ਨਾਲ ਯਾਦ ਕਰਨ ਲਈ ਕਿਸੇ ਵਿਸ਼ੇਸ਼ ਮੰਤਰ ਜਾਂ ਰਸਮ ਦੀ ਲੋੜ ਨਹੀਂ ਹੁੰਦੀ। ਸੱਚੀ ਸ਼ਰਧਾ ਨਾਲ ਕੀਤੀ ਅਰਦਾਸ ਮਨੁੱਖ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦੀ ਹੈ। ਇਸ ਮੌਕੇ ਪਿਛਲੇ ਮੰਗਲਵਾਰ ਸੰਗਤ ਵੱਲੋਂ ਦੀਵਾਲੀ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰਵਚਨਾਂ ਦੌਰਾਨ ਦੱਸਿਆ ਕਿ ਦੀਵਾਲੀ ’ਤੇ ਮਾਂ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਮਾਂ ਲਕਸ਼ਮੀ ਨੂੰ ਧਨ ਅਤੇ ਖੁਸ਼ਹਾਲੀ ਦੀ ਦੇਵੀ, ਜਦਕਿ ਭਗਵਾਨ ਗਣੇਸ਼ ਨੂੰ ਬੁੱਧੀ ਤੇ ਵਿਘਨ ਦੂਰ ਕਰਨ ਵਾਲੇ ਦੇਵਤਾ ਵਜੋਂ ਪੂਜਿਆ ਜਾਂਦਾ ਹੈ। ਦੋਵਾਂ ਦੀ ਪੂਜਾ ਦਾ ਸੁਨੇਹਾ ਹੈ ਕਿ ਜੀਵਨ ਵਿੱਚ ਧਨ ਦੇ ਨਾਲ ਬੁੱਧੀ, ਨਿਮਰਤਾ ਅਤੇ ਚੰਗੇ ਸੰਸਕਾਰ ਵੀ ਜ਼ਰੂਰੀ ਹਨ। ਇਸ ਮੌਕੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸੰਸਥਾਪਕ ਪਵਨ ਕੁਮਾਰ ਗੁਪਤਾ, ਹੇਮਰਾਜ ਗੋਇਲ, ਆਚਾਰੀਆ ਬਦਰੀ ਪ੍ਰਸਾਦ ਸ਼ਾਸਤਰੀ, ਡਾ. ਸ਼੍ਰੀਚੰਦ ਸ਼ਰਮਾ, ਸੁਮਨ ਗੁਪਤਾ, ਵੀਰਤਾ ਸ਼ਰਮਾ, ਸੁਨੀਤਾ ਰਾਣੀ, ਰਮੇਸ਼ ਕੰਬੋਜ ਸਮੇਤ ਵੱਡੀ ਗਿਣਤੀ ’ਚ ਸੇਵਾ ਦਲ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।