ਕਲਾਕ੍ਰਿਤੀ ਦੇ ਛੱਲਾ ਨਾਟਕ ਨੇ ਦਰਸ਼ਕਾਂ ਦੇ ਮਨਾਂ ’ਤੇ ਛੱਡੀ ਡੂੰਘੀ ਛਾਪ
ਕਲਾਕ੍ਰਿਤੀ ਦੇ ਛੱਲਾ ਨਾਟਕ ਨੇ ਦਰਸ਼ਕਾਂ ਦੇ ਮਨਾਂ ਤੇ ਛੱਡੀ ਡੂੰਘੀ ਛਾਪ
Publish Date: Sat, 04 Apr 2026 06:28 PM (IST)
Updated Date: Sat, 04 Apr 2026 06:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਨਾਟਕਕਾਰ ਡਾ. ਹਰਚਰਨ ਸਿੰਘ ਨੂੰ ਸਮਰਪਿਤ 11 ਰੋਜ਼ਾ ਰੰਗਮੰਚ ਉਤਸਵ ਵਿਚ ਦੂਸਰੇ ਦਿਨ ਨਾਟਕਕਾਰ ਡਾਕਟਰ ਕੁਲਦੀਪ ਸਿੰਘ ਦੀਪ ਦਾ ਲਿਖਿਆ ਅਤੇ ਉੱਘੀ ਨਾਟ ਨਿਰਦੇਸ਼ਕਾ ਅਦਾਕਾਰਾ ਕਲਾ ਕ੍ਰਿਤੀ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਦੇ ਨਿਰਦੇਸ਼ਨ ਹੇਠ ਛੱਲਾ ਨਾਟਕ ਦਾ ਸ਼ਾਨਦਾਰ ਮੰਚਨ ਕਲਾ ਭਵਨ ਚ ਕੀਤਾ ਗਿਆ। ਨਾਟਕ ਵਿਚ ਅੱਗੇ 2014 ਵਿਚ ਇਰਾਕ ਦੇ ਸ਼ਹਿਰ ਮੈਸੂਲ ’ਚੋਂ ਆਈਐਸ (ਇਸਲਾਮਿਕ ਸਟੇਟ) ਨਾਂ ਦੀ ਜਥੇਬੰਦੀ ਦੁਆਰਾ ਅਗਵਾ ਕੀਤੇ 40 ਛੱਲਿਆ (ਭਾਰਤੀ ਨੌਜਵਾਨਾਂ) ਦੇ ਨਾਂ ਜਿਨਾਂ ਬਾਰੇ ਭਾਰਤ ਦੀ ਸੱਤਾ ਤਿੰਨ ਸਾਲ ਉਹਨਾਂ ਦੇ ਜਿਉਂਦੇ ਹੋਣ ਦਾ ਡਰਾਮਾ ਕਰਦੀ ਰਹੀ। ਇਨ੍ਹਾਂ 40 ਛੱਲਿਆਂ ’ਚੋਂ 39 ਨੂੰ ਆਈਐੱਸ ਨੇ ਗੋਲੀਆਂ ਨਾਲ ਉਡਾ ਦਿੱਤਾ ਸੀ ਜਿਹੜਾ ਇੱਕ ਬਚ ਗਿਆ ਸੀ ਉਹ ਇਸ ਨਾਟਕ ਦੇ ਕਲਪਿਤ ਪਾਤਰ ਪ੍ਰੋਫੈਸਰ ਦੇ ਰੂਪ ਵਿਚ ਆਪਣੀਆਂ ਹੱਡ ਬੀਤੀਆਂ ਸੁਣਾਈਆਂ, ਜਿਸ ਨਾਲ ਨਾਟਕ ਦੇ ਇਸ ਦੁਖਾਂਤ ਨੇ ਦਰਸ਼ਕਾਂ ਨੂੰ ਝਿਜੋੜ ਕੇ ਰੱਖ ਦਿੱਤਾ ਅਤੇ ਸਮੁੱਚਾ ਨਾਟਕ ਕਲਾ ਕ੍ਰਿਤੀ ਦੇ ਉਹਨਾਂ ਸਫਲ ਪੇਸ਼ਕਾਰੀਆਂ ਵਿਚ ਸ਼ਾਮਿਲ ਹੋ ਗਿਆl ਇਸ ਨਾਟਕ ਵਿਚਲੇ ਸਾਰੇ ਪਾਤਰਾਂ ਨੂੰ ਨਿਭਾਉਣ ਵਾਲੇ ਕਲਾਕਾਰਾਂ ’ਚ ਮੁੱਖ ਤੌਰ ਉੱਤੇ ਸੀਨੀਅਰ ਕਲਾਕਾਰ ਰਵੀ ਭੂਸ਼ਨ, ਵਿਨੋਦ ਕੌਸ਼ਲ, ਜੋਗਾ ਸਿੰਘ, ਜਸਵੀਰ ਜੱਸੀ,ਕੁਲਦੀਪ ਸਿੰਘ, ਅਜੇ ਜੈਠੀ, ਇਸ਼ਾਂਤ ਅਰੋੜਾ, ਮਨਸ਼ਾ ਪਸੀਜਾ,ਤਾਨੀਆ ਸਿੰਘ, ਨਿਰਮਲ, ਹਰੀਸ਼ ਖੁਰਾਨਾ, ਵਿਸ਼ਾਲ ਕੁਮਾਰ, ਅੰਜਲੀ ਬਿਡਲਾ, ਅਤੇ ਲਕਸ਼ ਸ਼ਰਮਾ ਨੇ ਆਪੋ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਨਿਭਾਈਆਂ। ਪ੍ਰਸਿੱਧ ਸੰਗੀਤਕਾਰ ਹਰਜੀਤ ਗੁੱਡੂ ਦੇ ਸੰਗੀਤ ਅਤੇ ਉਹਨਾਂ ਵੱਲੋਂ ਗਾਏ ਗੀਤਾਂ ਦੇ ਬੋਲਾਂ ਨੇ ਨਾਟਕ ਨੂੰ ਸਫਲ ਬਣਾਉਣ ’ਚ ਬਹੁਤ ਵੱਡਾ ਯੋਗਦਾਨ ਪਾਇਆ। ਸਮੁੱਚੇ ਨਾਟਕ ਦੇ ਪ੍ਰੋਡਕਸ਼ਨ ਇੰਚਾਰਜ ਗੋਪਾਲ ਸ਼ਰਮਾ ਸਨ। ਇਸ ਮੌਕੇ ਮੁੱਖ ਮਹਿਮਾਨ ਡਾ. ਰਾਜ ਬਹਾਦੁਰ ਤੇ ਅਸ਼ਵਨੀ ਚੇਟਲੈ ਪ੍ਰਧਾਨ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਵਿਸ਼ੇਸ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਨੇ ਸਾਰੇ ਕਲਾਕਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਤੇ ਕਲਾ ਕ੍ਰਿਤੀ ਦੇ ਇਸ ਉਦਮ ਦੀ ਉਨਾਂ ਸ਼ਲਾਘਾ ਕੀਤੀ।