ਕੁੜੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ
ਕੁੜੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ
Publish Date: Sat, 04 Apr 2026 05:27 PM (IST)
Updated Date: Sat, 04 Apr 2026 05:31 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਯੂਨੀਵਰਸਲ ਕਾਲਜ ਪਾਤੜਾਂ ’ਚ ਕੁੜੀਆਂ ਦਾ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ’ਚ 17 ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਵਿਚ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਸੁਖਵੰਤ ਸਿੰਘ ਧੀਮਾਨ ਐਡੀਸ਼ਨਲ ਸੁਪਰਟੈਂਡਿੰਗ ਇੰਜੀਨੀਅਰ ਪਾਵਰਕਾਮ ਨੇ ਸ਼ਿਰਕਤ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਜੋਂ ਇੰਜੀਨੀਅਰ ਚਰਨਜੀਤ ਸਿੰਘ, ਇੰਜੀਨੀਅਰ ਆਸ਼ੀਸ਼ ਐੱਸਡੀਓ ਪਾਵਰਕਾਮ, ਤਜਿੰਦਰ ਸਿੰਘ ਸਿੱਧੂ ਚੇਅਰਮੈਨ, ਗੁਰੂ ਤੇਗ ਬਹਾਦਰ ਆਈਟੀਆਈ ਦੁਗਾਲ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਕਾਲਜ ਦੇ ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਅਤੇ ਸੈਕਟਰੀ ਪਰਮਿੰਦਰ ਸਿੰਘ ਘੱਗਾ ਨੇ ਖਿਡਾਰਨਾਂ ਨੂੰ ਸੰਬੋਧਨ ਕੀਤਾ। ਆਖੀਰ ਵਿਚ ਜੇਤੂ ਟੀਮਾਂ ਨੂੰ ਯੂਨੀਵਰਸਲ ਕਾਲਜ ਪਾਤੜਾਂ ਵੱਲੋਂ ਨਗਦ ਇਨਾਮ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਟਰਾਫੀ ਦਿੱਤੀ ਗਈ, ਜਦਕਿ ਦੂਜੇ ਸਥਾਨ ਵਾਲੀ ਟੀਮ ਨੂੰ 7 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਟਰਾਫੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਸਾਰੀਆਂ ਭਾਗੀਦਾਰ ਟੀਮਾਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ। ਕਾਲਜ ਦੇ ਡਾਇਰੈਕਟਰ ਡਾ ਅਮਰੀਸ਼ ਧਵਨ ਅਤੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਨਾ ਸਿਰਫ਼ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਾਬਤ ਹੋਈ, ਸਗੋਂ ਕੁੜੀਆਂ ਦੇ ਆਤਮ ਵਿਸ਼ਵਾਸ ਅਤੇ ਸਸ਼ਕਤੀਕਰਨ ਵੱਲ ਇੱਕ ਮਜ਼ਬੂਤ ਕਦਮ ਵੀ ਰਹੀ।