ਗੰਗਾ ਇੰਟਰਨੈਸ਼ਨਲ ਸਕੂਲ ’ਚ ਕਰਵਾਈ ਜੂਨੀਅਰ ਸਪੋਰਟਸ ਮੀਟ ਗੰਗਾ ਇੰਟਰਨੈਸ਼ਨਲ ਸਕੂਲ ’ਚ ਜੂਨੀਅਰ ਸਪੋਰਟਸ ਮੀਟ 2026 ਕਰਵਾਈ
Publish Date: Wed, 28 Oct 2026 05:07 PM (IST)
Updated Date: Wed, 28 Oct 2026 05:10 PM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ ਗੰਗਾ ਇੰਟਰਨੈਸ਼ਨਲ ਸਕੂਲ ਵਿਖੇ ਜੂਨੀਅਰ ਸਪੋਰਟਸ ਮੀਟ 2026 ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਈ ਗਈ। ਸਮਾਗਮ ਦਾ ਉਦਘਾਟਨ ਸਕੂਲ ਦੀ ਡਾਇਰੈਕਟਰ-ਪ੍ਰਿੰਸੀਪਲ ਰੀਨਾ ਚੀਮਾ ਅਤੇ ਚੇਅਰਮੈਨ ਸਰਦਾਰ ਗੁਰਲਾਡ ਸਿੰਘ ਕਾਹਲੋਂ ਦੀ ਧਰਮਪਤਨੀ ਪੁਸ਼ਪਿੰਦਰ ਕੌਰ ਨੇ ਰਿਬਨ ਕੱਟ ਕੇ ਕੀਤਾ। ਵਿਦਿਆਰਥੀਆਂ ਨੇ ਸਵਾਗਤੀ ਗੀਤ ਅਤੇ ਸ਼ਾਨਦਾਰ ਮਾਰਚ ਪਾਸਟ ਰਾਹੀਂ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਫਲਾਵਰ ਡ੍ਰਿਲ, ਲੇਜ਼ੀਅਮ ਡ੍ਰਿਲ, ਡੰਬਲ ਡ੍ਰਿਲ ਅਤੇ ਪੋਮ-ਪੋਮ ਡ੍ਰਿਲ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਦਾ ਮੁੱਖ ਆਕਰਸ਼ਣ ਦਾਦਾ-ਦਾਦੀ ਅਤੇ ਪੋਤੇ-ਪੋਤੀਆਂ ਦੀਆਂ ਸਾਂਝੀਆਂ ਖੇਡਾਂ ਰਹੀਆਂ। ਦਾਦਾ-ਦਾਦੀ ਨੇ ਬੱਚਿਆਂ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਪਹਿਲਕਦਮੀ ਦਾ ਉਦੇਸ਼ ਪੀੜ੍ਹੀਆਂ ਵਿਚਕਾਰ ਪਿਆਰ, ਭਾਵਨਾਤਮਕ ਸਾਂਝ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਸੀ। ਵੱਖ-ਵੱਖ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਅਤੇ ਦਾਦਾ-ਦਾਦੀ ਦੀਆਂ ਜੇਤੂ ਜੋੜੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ-ਪ੍ਰਿੰਸੀਪਲ ਰੀਨਾ ਚੀਮਾ ਨੇ ਦਾਦਾ-ਦਾਦੀ ਦੇ ਪਿਆਰ, ਤਜਰਬੇ ਅਤੇ ਮਾਰਗਦਰਸ਼ਨ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਦੱਸਿਆ। ਮਿਡਲ ਵਿੰਗ ਕੋਆਰਡੀਨੇਟਰ ਮੈਡਮ ਅੰਮ੍ਰਿਤਪਾਲ ਕੌਰ ਨੇ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕਰਦਿਆਂ ਪਰਿਵਾਰਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਮੁਕਾਬਲਿਆਂ ਦੇ ਓਵਰਆਲ ਨਤੀਜਿਆਂ ਵਿੱਚ ਅਲਕਨੰਦਾ ਹਾਊਸ ਨੇ ਪਹਿਲਾ, ਗੰਗੋਤਰੀ ਹਾਊਸ ਨੇ ਦੂਜਾ ਅਤੇ ਭਗੀਰਥੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਿੰਗ ਕੋਆਰਡੀਨੇਟਰ ਰਾਜਦੀਪ ਕੌਰ ਦੀ ਅਗਵਾਈ ਹੇਠ ਸਮਾਗਮ ਸਫ਼ਲਤਾਪੂਰਵਕ ਸੰਪੰਨ ਹੋਇਆ। ਖੇਡ ਵਿਭਾਗ ਦੇ ਮੁਖੀ ਏਜਾਜ਼ ਖਾਨ, ਅਧਿਆਪਕ ਗੁਰਤੇਜ ਸਿੰਘ, ਮੁਸਕਾਨ, ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੇ ਪ੍ਰਬੰਧਾਂ ਵਿੱਚ ਅਹਿਮ ਯੋਗਦਾਨ ਪਾਇਆ। ਮਾਪਿਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਵਾਈਸ ਪ੍ਰਿੰਸੀਪਲ ਇਸ਼ਾਨ ਪਹਾਵਾ ਨੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਸਮਾਗਮ ਨੇ ਖੇਡਾਂ ਦੇ ਨਾਲ-ਨਾਲ ਪਰਿਵਾਰਕ ਸਾਂਝ ਅਤੇ ਪੀੜ੍ਹੀਆਂ ਵਿਚਕਾਰ ਪਿਆਰ ਦਾ ਸੁੰਦਰ ਸੁਨੇਹਾ ਦਿੱਤਾ।